ਜਲੰਧਰ ਤੇ ਲੁਧਿਆਣਾ ਦੇ ਉਮੀਦਵਾਰਾਂ ਦਾ ਅੱਜ ਭਗਵੰਤ ਮਾਨ ਕਰਨਗੇ ਐਲਾਨ

ਚੰਡੀਗੜ੍ਹ 16 ਅਪ੍ਰੈਲ (ਪੁਆਧ ਟੀਵੀ ਪੰਜਾਬ) ਪੰਜਾਬ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਸਾਰੀਆਂ ਪਾਰਟੀਆਂ ਨੇ ਆਪਣਾ ਚੋਣ ਦੰਗਲ ਭਖਾਇਆ ਹੋਇਆ ਉਥੇ ਹੀ ’ਆਪ’ ਦੀਆਂ ਤਿਆਰੀਆਂ ਸਭ ਤੋਂ ਅੱਗੇ ਦਿਖਾਈ ਦੇ ਰਹੀਆਂ ਹਨ। ਕਿਉਂਕਿ ਸਭ ਤੋਂ ਪਹਿਲਾਂ ਉਮੀਦਵਾਰ ਵੀ ਆਪ ਨੇ ਹੀ ਉਤਾਰੇ ਤੇ ਹੁਣ 2 ਹੋਰ ਹੌਟ ਸੀਟਾਂ ‘ਤੇ ਅੱਜ ਉਮੀਦਵਾਰਾਂ ਦਾ ਐਲਾਨ ਵੀ ਕਰਨ ਜਾ ਰਹੀ ਹੈ। ਇਹ ਸੀਟਾਂ ਹਨ ਲੁਧਿਆਣਾ ਅਤੇ ਜਲੰਧਰ ਦੀਆਂ। ਇੱਥੇ ਅੱਜ ‘ਆਪ’ ਆਪਣੇ ਕੈਂਡੀਡੇਟ ਐਲਾਨ ਕਰਨ ਜਾ ਰਹੀ ਹੈ। ਕਿਉਕ ਇਸ ਦਾ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਕੇ ਕੀਤਾ ਸੀ।

ਜੇਕਰ ਜਲੰਧਰ ਤੋਂ ਉਮੀਦਵਾਰ ਦੀ ਗੱਲ ਹੈ ਤਾਂ ਮੰਨਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਟੀਨੂੰ ਹੀ ਉਮੀਦਵਾਰ ਹੋਣਗੇ। ਇਸ ਤੋਂ ਇਲਾਵਾ ਲੁਧਿਆਣਾ ‘ਚ ਕਈ ਨਾਵਾਂ ‘ਤੇ ਹਲਚਲ ਚੱਲ ਰਹੀ ਹੈ। ਉਮੀਦ ਹੈ ਕਿ ਇਸ ਸਬੰਧੀ ਸਥਿਤੀ ਜਲਦੀ ਹੀ ਸਪੱਸ਼ਟ ਹੋ ਜਾਵੇਗੀ।

ਜਲੰਧਰ ਜ਼ਿਲ੍ਹੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੇ ਜ਼ਿਲੇ ‘ਚ ਚਾਰ ਸੀਟਾਂ ਜਿੱਤੀਆਂ ਸਨ, ਜਦਕਿ ਕਾਂਗਰਸ ਨੇ ਪੰਜ ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਸਰਕਾਰ ਵਿੱਚ ਨਗਰ ਨਿਗਮ ਦੇ ਮੰਤਰੀ ਹਨ। ਹਾਲਾਂਕਿ ਹੁਣ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ।


ਜਿਥੋਂ ਤੱਕ ਲੁਧਿਆਣਾ ਜ਼ਿਲ੍ਹੇ ਦਾ ਸਬੰਧ ਹੈ, ਇੱਥੇ 14 ਵਿਧਾਨ ਸਭਾ ਹਲਕੇ ਹਨ। ਦਾਖਾ ਹਲਕੇ ਤੋਂ ਇਲਾਵਾ ਬਾਕੀ ਸਾਰੇ ਹਲਕਿਆਂ ਵਿੱਚ ਆਪ ਦੇ ਵਿਧਾਇਕ ਹਨ। ਅਜਿਹੇ ‘ਚ ਪਾਰਟੀ ਇਨ੍ਹਾਂ ਸਾਰੀਆਂ ਗੱਲਾਂ ਦਾ ਫਾਇਦਾ ਉਠਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਚਰਚਾ ਹੈ ਕਿ ਪਾਰਟੀ ਕਿਸੇ ਵਿਧਾਇਕ ‘ਤੇ ਦਾਅ ਖੇਡ ਸਕਦੀ ਹੈ। ਇਸ ਦੇ ਨਾਲ ਹੀ ਪਾਰਟੀ ਕੋਈ ਨਵਾਂ ਤਜਰਬਾ ਵੀ ਕਰ ਸਕਦੀ ਹੈ।

See also  ਬਿਨਾਂ ਰਿਸ਼ਵਤ ਤੇ ਸਿਫ਼ਾਰਿਸ਼ ਤੋਂ ਲੱਗੀ ਸਬ ਇਸਪੈਕਟਰ ਧੀ| ਪੱਤਰਕਾਰਾਂ ਸਾਹਮਣੇ ਦਲੇਰੀ ਨਾਲ ਕਹੀ CM ਵਾਲੀ ਗੱਲ !

ਦੱਸ ਦੇਈਏ ਕਿ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ‘ਆਪ’ ਛੱਡ ਕੇ ਆਏ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਹੈ। ਲੁਧਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ  ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਇਸ ਵਾਰ ਭਾਜਪਾ ਦੇ ਉਮੀਦਵਾਰ ਹਨ।