ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਮਿਲੀ ਅਗਾਊਂ ਜ਼ਮਾਨਤ

ਘਨੌਰ 31 ਮਈ (ਮਨਦੀਪ ਸਿੰਘ ਬੱਲੋਪੁਰ)

ਇਸ ਵੇਲੇ ਦੀ ਵੱਡੀ ਖ਼ਬਰ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨਾਲ ਜੁੜੀ ਸਾਹਮਣੇ ਆ ਰਹੀ ਹੈ। ਅੱਜ ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲ ਗਈ। ਦੱਸ ਦੇਈਏ ਕਿ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖ਼ਿਲਾਫ਼ ਕਿਸਾਨਾਂ ਵੱਲੋਂ ਪਿੰਡ ਸੇਹਰਾ ਵਿਖੇ ਕੀਤੇ ਪ੍ਰਦਰਸ਼ਨ ਦੌਰਾਨ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਹੋਈ ਸੀ ਜਿਸ ਕਰਕੇ ਪ੍ਰਨੀਤ ਕੌਰ ਦੇ ਨਾਲ ਮੌਜੂਦ ਹਰਵਿੰਦਰ ਹਰਪਾਲਪੁਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਸਾਨ ਜਥੇਬੰਦੀਆਂ ਦੀ ਮੰਗ ਅਤੇ ਮ੍ਰਿਤਕ ਦੇ ਭਤੀਜੇ ਦੀ ਸ਼ਿਕਾਇਤ ‘ਤੇ ਥਾਣਾ ਖੇੜੀਗੰਡਿਆਂ ਵਿਖੇ ਧਾਰਾ 304 ਤਹਿਤ 5 ਮਈ ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਮਗਰੋਂ ਕਿਸਾਨਾਂ ਅਤੇ ਸਰਕਾਰ ਦਰਮਿਆਨ ਹੋਏ ਸਮਝੌਤੇ ਮਗਰੋਂ 9 ਮਈ ਨੂੰ ਕਿਸਾਨ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਦਾ ਸਸਕਾਰ ਕੀਤਾ ਗਿਆ। ਸਮਝੌਤੇ ਮੁਤਾਬਕ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਅਤੇ ਮਹੀਨੇ ਦੇ ਅੰਦਰ ਹਰਪਾਲਪੁਰ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ।

ਇਸੇ ਦੌਰਾਨ ਹਰਪਾਲਪੁਰ ਨੇ ਆਪਣੀ ਜ਼ਮਾਨਤ ਲਈ ਪਟਿਆਲਾ ਅਦਾਲਤ ’ਚ ਅਰਜ਼ੀ ਪਾਈ ਤਾਂ 28 ਮਈ ਨੂੰ ਖਾਰਜ ਹੀ ਗਈੇ ਇਸ ਮਗਰੋਂ ਉਨ੍ਹਾਂ 30 ਮਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਪਾਈ। ਹਾਈਕੋਰਟ ਦੇ ਜਸਟਿਸ ਕਰਮਜੀਤ ਸਿੰਘ ਨੇ ਹਰਪਾਲਪੁਰ ਨੂੰ ਤਫਦੀਸ਼ ਵਿੱਚ ਸ਼ਾਮਲ ਹੋਣ ਦੀ ਸ਼ਰਤ ’ਤੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

 

See also  17 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਈ