Ghanaur News : ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਫਲੈਕਸਾਂ ‘ਤੇ ਤਸਵੀਰ ਗਾਇਬ | ਕਾਂਗਰਸ ‘ਚ ਉਭਰੀ ਅੰਦਰੂਨੀ ਧੜੇਬੰਦੀ

ਘਨੌਰ 2 ਜਨਵਰੀ (ਮਨਦੀਪ ਸਿੰਘ ਬੱਲੋਪੁਰ) Punjab Congress (ਪੰਜਾਬ ਕਾਂਗਰਸ) ਵਿਚ ਭਾਵੇਂ ਅੰਦਰੂਨੀ ਧੜੇਬੰਦੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ, ਤਾਜਾ ਮਾਮਲਾ ਘਨੌਰ ਹਲਕੇ ਤੋਂ ਸਾਹਮਣੇ ਆਇਆ ਜਿਥੇ ਘਨੌਰ ਹਲਕੇ ‘ਚ ਕਾਂਗਰਸ ਦੇ ਸੀਨੀਅਰ ਆਗੂ ਹਰਦੀਪ ਸਿੰਘ ਲਾਡਾ ਵਲੋਂ ਤਕਰੀਬਨ 100 ਤੋਂ ਵੱਧ ਫਲੈਕਸ ਲਗਾਏ ਗਏ ਹਨ, ਪਰ ਇਨ੍ਹਾਂ ਫਲੈਕਸਾਂ ਚੋਂ ਘਨੌਰ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਫੋਟੋ ਗਾਇਬ ਹੈ ਜੋ ਹਲਕੇ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਗਠਜੋੜ ਨੇ ਖੂੰਜੇ ਲਾਏ ਕਾਂਗਰਸੀ ! ਫਸਿਆ Navjot Sidhu | Puadh TV Punjab

ਜ਼ਿਕਰਯੋਗ ਹੈ ਕਿ ਫਲੈਕਸਾਂ ‘ਤੇ ਲਿਖੇ ਗਏ ਦੋ ਨਾਅਰੇ ‘ਨਫ਼ਰਤ ਦੇ ਬਜ਼ਾਰ ਵਿੱਚ ਮੁਹੱਬਤ ਦੀ ਦੁਕਾਨ’ ਤੇ ਦੂਜਾ ਨਾਅਰਾ ‘ਹਰ ਹੱਥ ਸ਼ਕਤੀ, ਹਰ ਹੱਥ ਤਰੱਕੀ’ ਨੇ ਸਿਆਸੀ ਗਲਿਆਰਿਆਂ ‘ਚ ਘੁਸਰ-ਮੁਸਰ ਛੇੜ ਦਿੱਤੀ ਹੈ ਕਿ ਇਹ ਨਾਅਰੇ ਕੀ ਇਸ਼ਾਰਾ ਕਰਦੇ ਨੇ, ਹਰ ਕੋਈ ਇਨ੍ਹਾਂ ਨਾਅਰਿਆਂ ਦੇ ਆਪੋ-ਆਪਣੇ ਹਿਸਾਬ ਨਾਲ ਮਾਇਨੇ ਕੱਢ ਰਹੇ ਹਨ।

ਦੱਸ ਦੇਈਏ ਕਿ ਇਹ ਫਲੈਕਸ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਭਾਰੀ ਸ੍ਰੀ ਦਵਿੰਦਰ ਯਾਦਵ ਨੂੰ ਵਧਾਈ ਦੇਣ ਦੇ ਨਾਲ-ਨਾਲ ਨਵੇਂ ਸਾਲ, ਲੋਹੜੀ, ਮਕਰ ਸੰਕ੍ਰਾਂਤੀ ਅਤੇ ਗਣਤੰਤਰ ਦਿਵਸ ਦੀਆਂ ਵਧਾਈਆਂ ਦੇਣ ਲਈ ਲਗਾਏ ਗਏ ਹਨ। ਭਾਂਵੇ ਕਾਂਗਰਸ ਹਾਈਕਮਾਨ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਦੀਆਂ ਤਸਵੀਰਾਂ ਇਨ੍ਹਾਂ ਫਲੈਕਸਾਂ ‘ਚ ਦਿਖਾਈ ਦੇ ਰਹੀਆਂ ਨੇ, ਪਰ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਕਰੀਬੀ ਰਹੇ ਹਰਦੀਪ ਸਿੰਘ ਲਾਡਾ ਵਲੋਂ ਲਗਾਏ ਗਏ ਫਲੈਕਸਾਂ ਚੋਂ ਸਾਬਕਾ ਵਿਧਾਇਕ ਜਲਾਲਪੁਰ ਦੀ ਤਸਵੀਰ ਨਾ ਲਗਾਉਣੀ ਕਿਤੇ ਨਾ ਕਿਤੇ ਘਨੌਰ ਹਲਕੇ ‘ਚ ਕਾਂਗਰਸੀ ਲੀਡਰਾਂ ਦੀ ਅੰਦੂਰਨੀ ਧੜੇਬੰਦੀ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ ਜਦੋਂ ਸੀਨੀਅਰ ਕਾਂਗਰਸੀ ਲੀਡਰ ਹਰਦੀਪ ਸਿੰਘ ਲਾਡਾ ਨਾਲ ‘ਪੁਆਧ ਟੀਵੀ ਪੰਜਾਬ’ ਨੇ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਗਲਤੀ ਨਾਲ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਤਸਵੀਰ ਫਲੈਕਸਾਂ ‘ਚ ਲਗਾਉਣੀ ਰਹਿ ਗਈ। ਉਨ੍ਹਾਂ ਨੇ ਕਿਹਾ ਕਿ ਸਾਡਾ ਮਕਸਦ 2024 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨੂੰ ਮਜਬੂਤ ਸਥਿਤੀ ‘ਚ ਲਿਆ ਕੇ ਜਿਤਾਉਣਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ 2027 ‘ਚ ਮੁੜ ਪੰਜਾਬ ‘ਚ ਕਾਂਗਰਸ ਦੀ ਸਰਕਾਰ ਨੂੰ ਲਿਆਉਣਾ ਹੈ।

See also  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਵਿਗੜੀ ਤਬੀਅਤ

ਦੂਜੇ ਪਾਸੇ ਜਦੋਂ ਇਸ ਬਾਬਤ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ‘ਪੁਆਧ ਟੀਵੀ ਪੰਜਾਬ’ ਨੇ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਨੇ ਫਲੈਕਸਾਂ ਤੇ ਤਸਵੀਰ ਨਾ ਲਗਾਉਣ ਤੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਕਹਿਣਾ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ‘ਚ ਧੜੇਬੰਦੀ ਨੇ ਜੋ ਪਾਰਟੀ ਦਾ ਨੁਕਸਾਨ ਕੀਤਾ ਉਹ ਸਭ ਦੇ ਸਾਹਮਣੇ ਹੈ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦਾ 78 ਸੀਟਾਂ ਤੋਂ 18 ਸੀਟਾਂ ‘ਤੇ ਡਿੱਗ ਜਾਣਾ ਇਕ ਵੱਡਾ ਕਾਰਨ ਪਾਰਟੀ ਦੀ ਅੰਦਰੂਨੀ ਧੜੇਬੰਦੀ ਵੀ ਸੀ, ਹੁਣ ਫਿਰ ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਮੁੜ ਧੜੇਬੰਦੀ ਉਭਰ ਕੇ ਸਾਹਮਣੇ ਆ ਰਹੀ ਹੈ ਭਾਵੇਂ ਹਲਕੇ ਪੱਧਰ ‘ਤੇ ਹੋਵੇ ਜਾਂ ਫਿਰ ਪੰਜਾਬ ਪੱਧਰ ‘ਤੇ ।