ਘਨੌਰ ਹਲਕੇ ‘ਚ ਮੁਖਮੈਲਪੁਰ ਪਰਿਵਾਰ ਦਾ ਕੀ ਹੋਵੇਗਾ ਸਿਆਸੀ ਭਵਿੱਖ ?

ਮੁਖਮੈਲਪੁਰ ਪਰਿਵਾਰ ਹੋਇਆ ਸਿਆਸੀ ਤੌਰ ‘ਤੇ ਦੋਫ਼ਾੜ 
ਘਨੌਰ ਦੇ ਸਿਆਸੀ ਰੰਗ 19 ਮਈ (ਮਨਦੀਪ ਸਿੰਘ ਬੱਲੋਪਰ ) ਘਨੌਰ ਹਲਕੇ ਦੀ ਸਿਆਸਤ ‘ਚ ਮੁਖਮੈਲਪੁਰ ਪਰਿਵਾਰ ਦੀ ਕਿਸੇ ਸਮੇਂ ਪੂਰੀ ਤੂਤੀ ਬੋਲਦੀ ਸੀ, ਪਰ 2017 ਦੀਆਂ ਚੋਣਾਂ ‘ਚ ਹੋਈ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਦੀ ਹਾਰ ਤੋਂ ਬਾਅਦ ਇਹ ਪਰਿਵਾਰ ਘਨੌਰ ਹਲਕੇ ਦੀ ਸਿਆਸਤ ‘ਚੋਂ ਹਾਸ਼ੀਏ ਵੱਲ ਤੁਰ ਪਿਆ, ਪਰ 2022 ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਪਰਿਵਾਰ ਦੀ ਟਿਕਟ ਕੱਟ ਕੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਘਨੌਰ ਹਲਕੇ ਤੋਂ ਉਤਾਰਨਾ ਅਕਾਲੀ ਦਲ ਲਈ ਘਾਟੇ ਵਾਲਾ ਸੌਦਾ ਰਿਹਾ, ਪਰ ਓਹ ਵੀ ਪਾਰਟੀ ਨੂੰ ਜਿਤਾ ਨਹੀਂ ਸਕੇ। ਉਸ ਤੋਂ ਬਾਅਦ ਮੁਖਮੈਲਪੁਰ ਪਰਿਵਾਰ ਨਰਾਜ਼ ਹੋਕੇ ਘਰ ਬੈਠ ਗਿਆ ਸੀ, ਪਰ ਹੁਣ ਹੈਰੀ ਮੁਖਮੈਲਪੁਰ ਵਲੋਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣਾ ਵੱਡੇ ਸਵਾਲ ਖੜੇ ਕਰਦਾ ਹੈ, ਕਿਉਂਕਿ ਮੁਖਮੈਲਪੁਰ ਪਰਿਵਾਰ ਹੁਣ ਸਿਆਸੀ ਤੌਰ ‘ਤੇ ਦੋਫ਼ਾੜ ਹੁੰਦਾ ਦਿਖਾਈ ਦੇ ਰਿਹਾ ਹੈ।

ਦਰਅਸਲ ਇਸ ਪੋਸਟ ਦਾ ਪਾਉਣ ਦਾ ਮੇਰਾ ਖਾਸ ਮਕਸਦ ਇਹ ਹੈ ਕਿ ਪਹਿਲਾ ਘਨੌਰ ਤੋਂ ਜਸਦੇਵ ਸਿੰਘ ਸੰਧੂ ਪਰਿਵਾਰ ਦਾ ਜੋ ਇਸ ਹਲਕੇ ‘ਚ ਬੋਲ ਬਾਲਾ ਸੀ ਉਹ ਨਿਘਾਰ ‘ਚ ਆਇਆ, ਭਾਵੇਂ ਅੱਜ ਤੇਜਿੰਦਰਪਾਲ ਸਿੰਘ ਸੰਧੂ ਪਟਿਆਲੇ ਦੀ ਸਿਆਸਤ ‘ਚ ਸਰਗਰਮ ਜ਼ਰੂਰ ਹਨ ਪਰ ਹਲਕੇ ਘਨੌਰ ‘ਚ ਉਹ ਆਪਣੀ ਉਸ ਤਰ੍ਹਾਂ ਛਾਪ ਨਹੀਂ ਛੱਡ ਸਕੇ ਜਿਸ ਤਰ੍ਹਾਂ ਉਨ੍ਹਾਂ ਦੇ ਬਾਪੂ ਜਸਦੇਵ ਸਿੰਘ ਸੰਧੂ ਨੇ ਲੋਕਾਂ ਨਾਲ ਆਪਣੀ ਪਕੜ ਬਣਾਈ ਸੀ, ਹੁਣ ਮੁਖਮੈਲਪੁਰ ਪਰਿਵਾਰ ਲਈ ਇਹ ਵੱਡੀ ਚੁਣੌਤੀ ਹੈ ਕਿ ਜੇਕਰ ਸਿਆਸੀ ਮੈਦਾਨ ‘ਚ ਦੋਫਾੜ ਹੋਕੇ ਚੱਲਣਗੇ ਤਾਂ ਉਨ੍ਹਾਂ ਦਾ ਘਨੌਰ ‘ਚ ਸਿਆਸੀ ਭਵਿੱਖ ਕੀ ਹੋਵੇਗਾ ਇਹ ਤਾਂ ਵੈਸੇ ਭਵਿੱਖ ਦੀ ਗਰਭ ‘ਚ ਪਿਆ ਹਾਲੇ, ਪਰ ਐਨਾ ਜ਼ਰੂਰ ਹੈ ਕਿ ਐਨਾ ਸੌਖਾਲਾ ਨਹੀਂ ਹੋਵੇਗਾ ਮੁੜ ਘਨੌਰ ਤੋਂ ਪਕੜ ਬਣਾਉਣੀ, ਕਿ ਪਿਛਲੇ 1 ਦਹਾਕੇ ਤੋਂ ਸਿਆਸਤ ‘ਚ ਬੜਾ ਬਦਲਾਅ ਆਇਆ, ਭਾਵੇਂ ਪ੍ਰਚਾਰ ਕਰਨ ਦਾ ਬਦਲਾਅ ਹੋਵੇ, ਜਾ ਫਿਰ ਸਿਆਸਤ ਦੇ ਵੱਖੋ-ਵੱਖ ਤਰੀਕਿਆਂ ਵਾਲਾ ਹੋਵੇ, ਕਿਉਂਕਿ ਅੱਜ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਸਿਆਸੀ ਪ੍ਰਚਾਰ ‘ਚ, ਕਿਵੇਂ ਵੋਟਰਾਂ ਦਾ ਮਨੋਬਲ ਉੱਚਾ ਚੁੱਕਣਾ ਤੇ ਕਿਵੇਂ ਉਨ੍ਹਾਂ ਨੂੰ ਆਪਣੇ ਵੱਲ ਖਿਚਣਾ। ਪਿਛਲੇ ਕੁਝ ਦਹਾਕੇ ਤੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ, ਕੈਪਟਨ ਕੰਵਲਜੀਤ ਸਿੰਘ ਦਾ ਪਰਿਵਾਰ, ਜਸਦੇਵ ਸਿੰਘ ਸੰਧੂ ਦਾ ਪਰਿਵਾਰ ਤੋਂ ਇਲਾਵਾ ਬਹੁਤ ਸਾਰੇ ਪਰਿਵਾਰਾਂ ਦਾ ਸਿਆਸਤ ਨੇ ਸਿਆਸੀ ਲੱਕ ਤੋੜਕੇ ਰੱਖ ਦਿੱਤਾ। ਸੋ ਹੁਣ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਲਈ ਇਹ ਸਮਾਂ ਖਾਸ ਕਰਕੇ 2017 ਤੋਂ 2024 ਤੱਕ ਦਾ ਬੜਾ ਉਤਰਾਅ ਚੜਾਅ ਵਾਲਾ ਰਿਹਾ। ਕਈ ਤਰ੍ਹਾਂ ਦੇ ਸਿਆਸੀ ਹਲੂਣੇ ਆਏ, ਕਈ ਪਾਰਟੀ ਨਾਲ ਨਰਾਜ਼ਗੀਆਂ ਰਹੀਆਂ, ਪਰ ਹੁਣ 2024 ਤੋਂ 2027 ਤੱਕ ਦਾ ਸਮਾਂ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਬੜਾ ਚੁਣੌਤੀ ਭਰਿਆ ਹੋਵੇਗਾ, ਕਿਉਂਕਿ ਪਹਿਲਾਂ ਉਨ੍ਹਾਂ ਦੇ ਨਾਲ ਹੈਰੀ ਮੁਖਮੈਲਪੁਰ ਦਾ ਵੀ ਸਾਥ ਸੀ ਜਿਸ ਨੇ 2012 ਦੀ ਉਨ੍ਹਾਂ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ, ਕਿਉਂਕਿ ਵੱਡੇ ਪੱਧਰ ‘ਤੇ ਹੈਰੀ ਮੁਖਮੈਲਪੁਰ ਨਾਲ ਨੌਜਵਾਨ ਵਰਗ ਜੁੜਿਆ ਹੋਇਆ ਸੀ, ਪਰ ਉਸ ਤੋਂ ਬਾਅਦ ਕੁਝ ਪਰਸਥਿਤੀਆਂ ਅਜਿਹੀਆਂ ਰਹੀਆਂ ਜਿਨ੍ਹਾਂ ਕਰਕੇ ਨੌਜਵਾਨ ਵਰਗ ਅਕਾਲੀ ਦਲ ਤੋਂ ਟੁੱਟਕੇ 2017 ‘ਚ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪਾਲੇ ‘ਚ ਬਹਿ ਗਿਆ ਤੇ ਕੁਝ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅੰਤਰ-ਰਾਸ਼ਟਰੀ ਖਿਡਾਰੀ ਤੇ ਮੌਜੂਦਾ ਘਨੌਰ ਹਲਕੇ ਦੇ ਵਿਧਾਇਕ ਗੁਰਲਾਲ ਘਨੌਰ ਨੇ ਆਪਣੀ ਗਲਵਕੜੀ ਲੈ ਲਿਆ।

See also  ਮਜੀਠੀਆ ਨੇ ਰਾਜਪਾਲ ਨੂੰ ਚਿੱਠੀ ਲਿਖ ਚਾਂਸਲਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੋਰਡ ਆਫ ਮੈਨੇਜਮੈਂਟ ਦੇ ਮੁਖੀ ਵਜੋਂ ਦਰੁੱਸਤੀ ਭਰੇ ਕਦਮ ਚੁੱਕਣ ਦੀ ਕੀਤੀ ਅਪੀਲ

ਸੋ ਤੁਸੀਂ ਕੀ ਸੋਚਦੇ ਹੋ ਘਨੌਰ ਹਲਕੇ ਦੀ ਭਵਿੱਖ ਵਾਲੀ ਸਿਆਸਤ ਬਾਰੇ? ਆਪੋ ਆਪਣੇ ਕਮੈਟ ਜ਼ਰੂਰ ਦਿਓ। ਪੂਰੀ ਪੋਸਟ ਪੜਨ ਲਈ ਬਹੁਤ-ਬਹੁਤ ਧੰਨਵਾਦ, ਜਲਦ ਮਿਲਾਂਗੇ ਘਨੌਰ ਦੇ ਸਿਆਸੀ ਰੰਗ ਦੀ ਨਵੀਂ ਪੋਸਟ ਨਾਲ

ਮਨਦੀਪ ਸਿੰਘ ਬੱਲੋਪਰ

98722-24128
ਸਿਆਸਤ ਦੇ ਰੰਗ : ਭਾਗ ਪਹਿਲਾ