ਬੰਦ ਹੋਏ ਸ਼ੰਭੂ ਬਾਰਡਰ ਕਰਕੇ ਅੰਬਾਲੇ ਦੇ ਦੁਕਾਨਦਾਰ ਛੱਡਣ ਲੱਗੇ ਦੁਕਾਨਾਂ

ਚੰਡੀਗੜ੍ਹ 19 ਜੁਲਾਈ (ਮਨਦੀਪ ਸਿੰਘ ਬੱਲੋਪੁਰ)
ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਭਾਵੇਂ 13 ਫਰਵਰੀ ਨੂੰ ਲੰਘਣਾ ਸੀ ਪਰ ਹਰਿਆਣਾ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਸ਼ੰਭੂ ਬਾਰਡਰ ਨੂੰ ਬੰਦ ਕਰ ਦਿੱਤਾ ਸੀ ਅੱਜ ਸ਼ੰਭੂ ਬਾਰਡਰ ਨੂੰ ਬੰਦ ਹੋਇਆ 5 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਹੁਣ ਇਸ ਸ਼ੰਭੂ ਬਾਰਡਰ ਬੰਦ ਹੋਣ ਦਾ ਸੇਕ ਅੰਬਾਲੇ ਦੇ ਛੋਟੇ ਵੱਡੇ ਕਾਰੋਬਾਰੀ ਦੇ ਚਿਹਰੇ ਤੇ ਸਾਫ ਝਲਕਦਾ ਹੈ ਕਿਉਂਕਿ ਬਾਰਡਰ ਬੰਦ ਹੋਣ ਕਰਕੇ ਪੰਜਾਬ ਦਾ ਗਾਹਕ ਇਨ੍ਹਾਂ ਤੋਂ ਟੁੱਟ ਚੁੱਕਿਆ ਹੈ, ਇਹ ਦੁਕਾਨਦਾਰ ਆਪਣੀ ਦੁਕਾਨਾਂ ਦਾ ਲੱਖਾਂ, ਹਜ਼ਾਰਾਂ ਰੁਪਏ ਕਰਾਇਆ ਵੀ ਨਹੀਂ ਪੂਰਾ ਕਰ ਪਾ ਰਹੇ ਤੇ ਬਾਕੀ ਜਿਹੜੇ ਲੋਕ ਦੁਕਾਨਦਾਰਾਂ ਕੋਲ ਕੰਮ ਕਾਰ ਕਰਦੇ ਹਨ ਹੁਣ ਉਨ੍ਹਾਂ ਦੀ ਵੀ ਨੌਕਰੀ ਖਤਰੇ ‘ਚ ਹੈ, ਜੇਕਰ ਆਉਣ ਵਾਲੇ ਕੁਝ ਮਹੀਨੇ ਹੋਰ ਬੰਦ ਰਿਹਾ ਸ਼ੰਭੂ ਬਾਰਡਰ ਤਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਫਿਰ ਸਾਡਾ ਸਾਰਾ ਗਾਹਕ ਟੁੱਟ ਕੇ ਹੋਰ ਪਾਸੇ ਚਲਿਆ ਜਾਵੇਗਾ। ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਕੱਪੜਾ ਮਾਰਕਿਟ ਅੰਬਾਲਾ ਜਾ ਫਿਰ ਪੁਰਾਣੀ ਸ਼ਬਜੀ ਮੰਡੀ, ਗੁੜ ਮੰਡੀ ਜਾਂ ਫਿਰ ਹੋਰ ਅੰਬਾਲਾ ਸ਼ਹਿਰ ਦੇ ਬਜ਼ਾਰਾਂ ‘ਚ ਪੈਦਲ ਘੁੰਮਣਾ ਔਖਾ ਹੁੰਦਾ ਸੀ ਭਾਵ ਭੀੜ ਬਹੁਤ ਹੁੰਦੀ ਸੀ ਪਰ ਤੁਸੀਂ ਹੁਣ ਇਨ੍ਹਾਂ ਬਜ਼ਾਰਾਂ ਦੀਆਂ ਗਲੀਆਂ ‘ਚ ਆਮ ਕਾਰ, ਮੋਟਰਸਾਈਕਲ ਲੈ ਕੇ ਘੁੰਮ ਸਕਦੇ ਹੋ। ਦੁਕਾਨਦਾਰਾਂ ਨੂੰ ਭਵਿੱਖ ਖਤਰੇ ‘ਚ ਜਾਪਣ ਮਗਰੋਂ ਹੁਣ ਸ਼ਹਿਰ ਚੋਂ ਆਉਣ ਵਾਲੇ ਦਿਨਾਂ ‘ਚ ਵੱਡੇ ਪੱਧਰ ‘ਤੇ ਹਰਿਆਣਾ ਸਰਕਾਰ ਖਿਲਾਫ ਕੋਈ ਬਗਾਵਤ ਉਠ ਸਕਦੀ ਹੈ। ਕੁਝ ਦੁਕਾਨਦਾਰਾਂ ਨੇ ‘ਪੁਆਧ ਟੀਵੀ ਪੰਜਾਬ’ ਨਾਲ ਗੱਲਬਾਤ ਕਰਦਿਆਂ ਨਾਮ ਨਾ ਛਾਪਣ ਦੀ ਸ਼ਰਤ ਤੇ ਕਿਹਾ ਕਿ ਸਾਡਾ ਕੰਮ ਪਹਿਲਾਂ ਨਾਲੋਂ 70-80 ਪ੍ਰਤੀਸ਼ਤ ਖਤਮ ਹੋ ਗਿਆ। ਸਾਨੂੰ ਸਾਡਾ ਭਵਿੱਖ ਧੁਦਲਾ ਜਾਪ ਰਿਹਾ ਹੈ ਕਿਉਂਕਿ ਸਾਡਾ ਪੰਜਾਬ ਦਾ ਗਾਹਕ ਜੇਕਰ ਅੰਬਾਲੇ ਤੋਂ ਬਦਲ ਕੇ ਰਾਜਪੁਰੇ, ਪਟਿਆਲੇ, ਮੁਹਾਲੀ-ਚੰਡੀਗੜ੍ਹ ਸਦਾ ਲਈ ਜਾਣ ਲੱਗ ਪਿਆ ਤਾਂ ਸਾਨੂੰ ਆਰਥਿਕ ਪੱਖੋਂ ਬਹੁਤ ਭਾਰੀ ਨੁਕਸਾਨ ਹੋਵੇਗਾ, ਉਨ੍ਹਾਂ ਕਿਹਾ ਕਿ ਸਾਡਾ ਜ਼ਿਆਦਾ ਗਾਹਕ ਹਰਿਆਣਾ ਨਾਲ ਲੱਗਦੇ ਪੰਜਾਬ ਦੇ ਇਲਾਕੇ, ਘਨੌਰ, ਸ਼ੰਭੂ ਕਲਾਂ, ਮਰਦਾਂਪੁਰ, ਰਾਜਗੜ੍ਹ, ਮਹਿਮਦਪੁਰ, ਸੰਜਰਪੁਰ, ਬੱਲੋਪੁਰ, ਗਦਾਪੁਰ, ਮੋਹੀ ਖੁਰਦ, ਮੋਹੀ ਕਲਾਂ, ਤੇਪਲਾ, ਊਂਟਸਰ, ਕਾਮੀ ਕਲਾ, ਕਪੂਰੀ, ਲੋਹਸਿੰਬਲੀ, ਮਦਨਪੁਰ-ਚਲਹੇੜੀ, ਨਨਹੇੜਾ, ਨਨਹੇੜੀ, ਬੂਟਾ ਸਿੰਘ ਵਾਲਾ, ਰਾਮਪੁਰ, ਜੰਗਪੁਰਾ, ਬਾਡਿਆ ਬਸੀ, ਧਰਮਗੜ੍ਹ, ਬੁੱਢਣਪੁਰ, ਬਸਮਾ, ਬਨੂੜ, ਰਾਜਪੁਰਾ, ਸਰਹਿੰਦ, ਖੰਨਾ, ਮੁਹਾਲੀ, ਖਰੜ, ਪਟਿਆਲਾ, ਡੇਰਾਬੱਸੀ ਆਦਿ ਇਲਾਕਾ ਪੰਜਾਬ ਤੋਂ ਹਰਿਆਣਾ ਦੇ ਦੁਕਾਨਦਾਰਾਂ ਤੇ ਜ਼ਿਆਦਾ ਵਿਸ਼ਵਾਸ ਕਰਦਾ ਹੈ ਤਾਂਹੀਓ ਸਾਡੇ ਕੋਲ ਆਉਂਦੇ ਹਨ,

See also  ਕੇਂਦਰ ਸਰਕਾਰ ਨੇ ਕਰਤਾ ਨਵਾਂ ਕਾਨੂੰਨ ਲਾਗੂ, ਸੀਨੀਅਰ ਪੱਤਰਕਾਰ ਨੇ ਦੱਸਿਆ ਕਾਨੂੰਨ ਦਾ ਅਸਲ ਸੱਚ

ਅੱਜ ਅੰਬਾਲਾ ਸ਼ਹਿਰ ਦੇ ਅਜਿਹੇ ਹਲਾਤ ਹਨ ਕਿ ਰੇਹੜੀ ਲਗਾਉਣ ਵਾਲੇ ਤੋਂ ਲੈ ਕੇ ਸ਼ੋਅ ਰੂਮਾਂ ਦਾ ਲੱਖਾ ਕਿਰਾਇਆ ਦੇਣ ਵਾਲੇ ਦੁਕਾਨਦਾਰਾਂ ਦੀਆਂ ਆਰਥਿਕ ਚੀਕਾਂ ਨਿਕਲੀ ਪਈਆਂ ਹਨ। ਕੁਝ ਦੁਕਾਨਾਂ ਜ਼ਿਆਦਾ ਕਿਰਾਇਆ ਹੋਣ ਕਰਕੇ ਦੂਜੀ ਥਾਂ ਤੇ ਬਦਲ ਲਈਆਂ ਗਈਆਂ ਹਨ ਜਿਥੇ ਕਿਰਾਇਆ ਘੱਟ ਦੇਣਾ ਪੈਂਦਾ ਹੈ।
ਦੱਸ ਦੇਈਏ ਕਿ ਪੰਜਾਬ-ਹਰਿਆਣਾ ਹਾਈਕਰੋਟ ਤੇ ਸੁਪਰੀਮ ਕੋਰਟ ਨੇ ਬਾਰਡਰ ਖੋਲ੍ਹਣ ਦੇ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤੇ ਸਨ, ਪਰ ਹਾਲੇ ਬਾਰਡਰ ਤਾਂ ਕੀ ਖੋਲ੍ਹਣਾ ਸੀ ਹਰਿਆਣਾ ਸਰਕਾਰ ਸੁਪਰੀਮ ਕੋਰਟ ‘ਚ ਚਲੀ ਗਈ ਕਿ ਸਾਨੂੰ ਅਮਨ ਕਾਨੂੰਨ ਸਥਿਤੀ ਦਾ ਖਤਰਾ ਹੋ ਸਕਦਾ ਹੈ। ਹੁਣ ਜਿਹੜੇ ਲੋਕ ਇਹ ਗੱਲ ਕਹਿੰਦੇ ਸਨ ਕਿ ਬਾਰਡਰ ਕਿਸਾਨਾਂ ਨੇ ਬੰਦ ਕੀਤਾ ਓਹੀ ਹੁਣ ਕਹਿਣ ਲੱਗ ਪਏ ਨੇ ਕਿ ਹਰਿਆਣਾ ਸਰਕਾਰ ਧੱਕਾ ਕਰ ਰਹੀ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਸਰਾਸਾਰ ਗਲਤ ਹੈ, ਸੋ ਆਉਣ ਵਾਲੇ ਦਿਨਾਂ ‘ਚ ਵੇਖਣਾ ਹੋਵੇਗਾ ਕਿ ਜੇਕਰ ਹਰਿਆਣਾ ਸਰਕਾਰ ਬਾਰਡਰ ਨਹੀਂ ਖੋਲ੍ਹਦੀ ਤਾਂ ਅੰਬਾਲੇ ਸ਼ਹਿਰ ਦੇ ਦੁਕਾਨਦਾਰ ਕੋਈ ਰਣਨੀਤੀ ਤਿਆਰ ਕਰਨਗੇ ਜਾਂ ਫਿਰ ਸਰਕਾਰ ਦੇ ਖੌਫ਼ ਤੋਂ ਚੁੱਪ-ਚਾਪ ਦੁਕਾਨਾਂ ਦੇ ਅੰਦਰ ਬੈਠੇ ਹੀ ਏ.ਸੀ. ਦੀ ਠੰਡੀ ਹਵਾਂ ‘ਚ ਘੁਸਰ-ਮੁਸਰ ਕਰਕੇ ਸ਼ਾਮ ਨੂੰ ਖਾਲੀ ਹੱਥ ਘਰਾਂ ਨੂੰ ਚਲੇ ਜਾਇਆ ਕਰਨਗੇ।

1 thought on “ਬੰਦ ਹੋਏ ਸ਼ੰਭੂ ਬਾਰਡਰ ਕਰਕੇ ਅੰਬਾਲੇ ਦੇ ਦੁਕਾਨਦਾਰ ਛੱਡਣ ਲੱਗੇ ਦੁਕਾਨਾਂ”

  1. ਵਧੀਆ ਖ਼ਬਰ ਹੈ ਆਰਥਿਕਤਾ ਦੀ, ਸਰਕਾਰਾਂ ਦੀ ਬੇਰੁਖ਼ੀ ਕਿੰਨਾ ਕੁਝ ਤਬਾਹ ਜਰ ਦਿੰਦੀ ਹੈ

Comments are closed.