ਘਨੌਰ, 11 ਸਤੰਬਰ (ਮਨਦੀਪ ਸਿੰਘ ਬੱਲੋਪੁਰ):
ਪੰਜਾਬ ਦੇ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਵੱਲੋਂ ਲੋਕਾਂ ਨੂੰ ਵੱਖ-ਵੱਖ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕ ਕਰਨ ਲਈ ਬੋਰਡ ਲਗਾਏ ਜਾਣੇ ਆਮ ਗੱਲ ਹੈ। ਪਰ ਘਨੌਰ ਹਲਕੇ ਦੇ ਪਿੰਡ ਸਾਹਲ ਦੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਲਗਾਏ ਗਏ ਕੁਝ ਬੋਰਡ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਬੋਰਡਾਂ ’ਤੇ ਕੁੱਲ 10 ਪੁਆਇੰਟ ਲਿਖੇ ਗਏ ਹਨ, ਜਿਨ੍ਹਾਂ ਵਿੱਚੋਂ 7ਵੇਂ ਪੁਆਇੰਟ ਨੇ ਸਭ ਤੋਂ ਵੱਧ ਆਪਣੇ ਵੱਲ ਧਿਆਨ ਖਿੱਚਿਆ ਹੈ। ਇਸ ਵਿੱਚ ਕੇਸਾਂ/ਵਾਲਾਂ ਨੂੰ ਖਰੀਦਣ ਵਾਲੇ ਲੋਕਾਂ ਦੀ ਪਿੰਡ ਵਿੱਚ ਐਂਟਰੀ ’ਤੇ ਰੋਕ ਸਬੰਧੀ ਹਦਾਇਤ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਪਿੰਡਾਂ ਵਿੱਚ ਮੋਟਰਸਾਈਕਲਾਂ ’ਤੇ ਘੁੰਮ ਕੇ ਘਰਾਂ ਵਿੱਚੋਂ ਇਕੱਠੇ ਕੀਤੇ ਵਾਲਾਂ ਦੇ ਬਦਲੇ ਪੈਸੇ ਜਾਂ ਹੋਰ ਸਮਾਨ ਦਿੰਦੇ ਹਨ। ਇਸ ਤਰ੍ਹਾਂ ਵਾਲਾਂ ਨੂੰ ਇਕੱਠਾ ਕਰਕੇ ਵੇਚਣ ਦਾ ਰੁਝਾਨ ਪਿਛਲੇ ਸਮੇਂ ਤੋਂ ਚਰਚਾ ਵਿੱਚ ਰਿਹਾ ਹੈ।
ਪਿੰਡ ਸਾਹਲ ਦੀ ਪੰਚਾਇਤ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਾਲ/ਕੇਸ ਖਰੀਦਣ ਵਾਲਿਆਂ ਦੀ ਪਿੰਡ ਵਿੱਚ ਐਂਟਰੀ ਬੈਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਚਾਇਤ ਦੇ ਇਸ ਉਪਰਾਲੇ ਨੂੰ ਸਿੱਖੀ ਸਰੂਪ ਅਤੇ ਧਾਰਮਿਕ ਪਹਿਚਾਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਸਿੱਖੀ ਵਿੱਚ ਕੇਸਾਂ ਦੀ ਵਿਸ਼ੇਸ਼ ਮਹੱਤਤਾ ਹੈ। ਕੇਸ ਸਿੱਖ ਦੀ ਪਹਿਚਾਣ, ਰਹਿਤ ਅਤੇ ਖਾਲਸਾਈ ਸਰੂਪ ਦਾ ਅਹਿਮ ਹਿੱਸਾ ਹਨ। ਪੰਜ ਕਕਾਰਾਂ ਵਿੱਚੋਂ ਇੱਕ ਹੋਣ ਦੇ ਨਾਤੇ ਕੇਸਾਂ ਨੂੰ ਗੁਰੂ ਦੇ ਹੁਕਮ, ਕੁਦਰਤੀ ਸਰੂਪ ਅਤੇ ਸਿੱਖੀ ਪ੍ਰਤੀ ਸਮਰਪਣ ਨਾਲ ਜੋੜਿਆ ਜਾਂਦਾ ਹੈ। ਦਸਤਾਰ ਵੀ ਇਸ ਸਰੂਪ ਨੂੰ ਪ੍ਰਗਟ ਕਰਨ ਦਾ ਮਹੱਤਵਪੂਰਨ ਹਿੱਸਾ ਹੈ।
ਪਿੰਡ ਸਾਹਲ ਦੀ ਪੰਚਾਇਤ ਵੱਲੋਂ ਲਏ ਇਸ ਫੈਸਲੇ ਨੇ ਇੱਕ ਵਾਰ ਫਿਰ ਇਹ ਸਵਾਲ ਚਰਚਾ ਵਿੱਚ ਲਿਆ ਦਿੱਤਾ ਹੈ ਕਿ ਸਿੱਖੀ ਦੇ ਸਰੂਪ ਅਤੇ ਕੇਸਾਂ ਪ੍ਰਤੀ ਸਾਡੀ ਨਵੀਂ ਪੀੜ੍ਹੀ ਦੀ ਸੋਚ ਕਿਹੋ ਜਿਹੀ ਹੋ ਰਹੀ ਹੈ ਅਤੇ ਕੇਸਾਂ ਨੂੰ ਵੇਚਣ ਦਾ ਰੁਝਾਨ ਕਿੱਥੇ ਲੈ ਕੇ ਜਾ ਰਿਹਾ ਹੈ?
ਪੰਚਾਇਤ ਦੇ ਇਸ ਕਦਮ ਨੂੰ ਜਿੱਥੇ ਕੁਝ ਲੋਕ ਸਿੱਖੀ ਸਰੂਪ ਦੀ ਸੰਭਾਲ ਵੱਲ ਸਲਾਘਾਯੋਗ ਉਪਰਾਲਾ ਦੱਸ ਰਹੇ ਹਨ, ਉੱਥੇ ਇਸ ਮੁੱਦੇ ’ਤੇ ਸਮਾਜ ਵਿੱਚ ਗੰਭੀਰ ਵਿਚਾਰ-ਵਟਾਂਦਰੇ ਦੀ ਵੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।

