ਅੱਜ SP ਬਿਕਰਮ ਬਰਾੜ ਦੀ ਅਗਵਾਈ ‘ਚ AGTF ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਕੇਂਦਰੀ ਏਜੰਸੀਆਂ ਦੀ ਮਦਦ ਨਾਲ, ਪੰਜਾਬ ਪੁਲਿਸ ਨੇ ਯੂਰਪ ਦੇ ਦੇਸ਼ ਮੋਲਦੋਵਾ ਤੋਂ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਦੀ ਹਵਾਲਗੀ ਸਫਲਤਾਪੂਰਵਕ ਕਰਵਾ ਲਈ ਹੈ। ਅੰਮ੍ਰਿਤਪਾਲ ਸਿੰਘ ਜੱਗੂ ਭਗਵਾਨਪੁਰੀਆ ਗੈਂਗ ਦਾ ਇੱਕ ਅਹਿਮ ਮੈਂਬਰ ਹੈ। ਦੱਸ ਦੇਈਏ ਕਿ ਉਹ ਪੰਜਾਬ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ UAPA, ਅਸਲਾ ਐਕਟ ਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਾਨੂੰਨਾਂ ਦੀ ਉਲੰਘਣਾ ਸਮੇਤ ਕਈ ਗੰਭੀਰ ਅਪਰਾਧਾਂ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵੱਡੇ ਭਗੌੜੇ ਅਪਰਾਧੀ ਨੂੰ ਕਿਸੇ ਯੂਰਪੀ ਦੇਸ਼ ਤੋਂ ਸਫਲਤਾਪੂਰਵਕ ਵਾਪਸ ਲਿਆਂਦਾ ਗਿਆ ਹੈ।

ਪੰਜਾਬ ਪੁਲਿਸ ਨੇ ਇਸ ਅਪਰਾਧੀ ਨੂੰ ਕਾਬੂ ਕਰਨ ਲਈ ‘ਆਪਰੇਸ਼ਨ ਈਸਟਰਨ ਰੀਚ’ ਸ਼ੁਰੂ ਕੀਤਾ ਸੀ। ਪੰਜਾਬ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ​​ਅਤੇ ਓਵਰਸੀਜ਼ ਫੁਜੀਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (OFTEC) ਨੇ ਖੁਫੀਆ ਜਾਣਕਾਰੀ ‘ਤੇ ਅਧਾਰਤ ਇਸ ਗੁਪਤ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ, ਜੋ ਛੇ ਮਹੀਨਿਆਂ ਤੱਕ ਚੱਲੀ। ਇਹ ਪੂਰਾ ਆਪਰੇਸ਼ਨ ਲਗਾਤਾਰ ਨਿਗਰਾਨੀ, ਸਟੀਕ ਖੁਫੀਆ ਜਾਣਕਾਰੀ ਅਤੇ ਕੇਂਦਰੀ ਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਪੰਜਾਬ ਪੁਲਿਸ ਦੇ ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਨੇ ਇਸ ਪ੍ਰਾਪਤੀ ਲਈ AGTF ਅਤੇ OFTEC ਪੰਜਾਬ ਦੀਆਂ ਟੀਮਾਂ ਦੀ ਸ਼ਲਾਘਾ ਕੀਤੀ।

ਅੰਤਰਰਾਸ਼ਟਰੀ ਸਹਿਯੋਗ ਲਈ ਮੋਲਦੋਵਾ ਅਤੇ ਅਜ਼ਰਬਾਈਜਾਨ ਦੇ ਅਧਿਕਾਰੀਆਂ, ਸੀਬੀਆਈ (CBI), ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਸਾਰੀਆਂ ਸਹਿਯੋਗੀ ਕੇਂਦਰੀ ਏਜੰਸੀਆਂ ਦਾ ਵੀ ਧੰਨਵਾਦ ਕੀਤਾ ਗਿਆ। ਡੀਜੀਪੀ ਨੇ ਕਿਹਾ ਕਿ ਪੁਲਿਸ ਅਪਰਾਧੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਭਾਵੇਂ ਉਹ ਦੁਨੀਆ ਵਿੱਚ ਕਿਤੇ ਵੀ ਲੁਕੇ ਹੋਏ ਹੋਣ।

7 ਮਾਰਚ ਨੂੰ ਮੋਲਡੋਵਾ ਸਰਹੱਦ ‘ਤੇ ਗ੍ਰਿਫਤਾਰੀ

ਗੈਂਗਸਟਰ ਅੰਮ੍ਰਿਤ ਦਾਲਮ ਨੂੰ ਇਸ ਸਾਲ 7 ਮਾਰਚ ਨੂੰ ਪੂਰਬੀ ਯੂਰਪੀ ਦੇਸ਼ ਮੋਲਡੋਵਾ ਦੀ ਸਰਹੱਦ ‘ਤੇ ਹਿਰਾਸਤ ਵਿੱਚ ਲਿਆ ਗਿਆ ਸੀ। ਉਸਦੀ ਪਛਾਣ ਮੋਲਡੋਵਾ ਸਰਹੱਦ ‘ਤੇ ਇੰਟਰਪੋਲ ਦੇ ‘ਰੈੱਡ ਨੋਟਿਸ’ ਦੇ ਆਧਾਰ ‘ਤੇ ਕੀਤੀ ਗਈ ਸੀ, ਜੋ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਹਾਸਲ ਕੀਤਾ ਸੀ ਅਤੇ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ।

error: Content is protected !!