ਵੇ ਅਖੌਤੀ ਲੀਡਰੋਂ! ਮੈਂ ਘੱਗਰ ਬੋਲਦਾ

ਘੱਗਰ ਦਰਿਆ ਦੇ ਮਸਲੇ ‘ਤੇ ਓਹੀ ਤੋਤੇ ਰੱਟ ਭਾਸ਼ਣ ਸੁਣਨ ਨੂੰ ਮਿਲ ਰਹੇ ਨੇ
ਘਨੌਰ 20 ਮਈ (ਮਨਦੀਪ ਸਿੰਘ ਬੱਲੋਪੁਰ) ਤੁਹਾਨੂੰ ਵਾਸਤਾ ਰੱਬ ਦਾ ਲੀਡਰੋ! ਮੇਰੇ ਨਾਂਅ ‘ਤੇ ਵੋਟਾਂ ਨਾ ਮੰਗੋ, ਹੁਣ ਤੱਕ ਪੰਜਾਬ ‘ਚ ਹਕੂਮਤਾਂ ਬਦਲੀਆਂ ਰਹੀਆਂ, ਪਰ ਨਹੀਂ ਬਦਲੀ ਮੇਰੇ ਲੋਕਾਂ ਦੀ ਤਕਦੀਰ, ਅੱਜ ਵੀ ਜਦੋਂ ਪਹਾੜਾਂ ‘ਚੋਂ ਪਾਣੀ ਛੱਡਿਆ ਜਾਂਦਾ ਤਾਂ ਮੇਰੇ ਉਤੋਂ ਦੀ ਬਹਿ ਕੇ ਮੇਰੇ ਪਿਆਰੇ ਕਿਸਾਨਾਂ ਦੇ ਖੇਤਾਂ ਦਾ ਨੁਕਸਾਨ ਕਰਦਾ ਹੋਇਆ ਸੈਂਕੜੇ ਪਿੰਡਾਂ ਨੂੰ ਆਪਣੇ ਕਹਿਰ ਨਾਲ ਲਪੇਟ ’ਚ ਲੈ ਕੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਕਈ ਜਗ੍ਹਾ ਤੋਂ ਲੀਹੋਂ ਉਤਾਰ ਦਿੰਦੈ, ਮੈਥੋਂ ਦੇਖਿਆ ਨਹੀਂ ਜਾਂਦਾ, ਇਹ ਆਪਣੇ ਲੋਕਾਂ ਦਾ ਦੁੱਖ, ਪਰ ਮੈਂ ਕੀ ਕਰਾਂ ਮੇਰੇ ਹੱਥ ਵੱਸ ਕੁਝ ਨਹੀਂ ਹੈ, ਇਹ ਲੋਕ ਮੇਰਾ ਬਹੁਤ ਸਤਿਕਾਰ ਕਰਦੇ ਨੇ, ਮੈਨੂੰ ਹਰ ਐਤਵਾਰ ਪੂਜਦੇ ਨੇ ਕੋਈ ਚੌਲਾਂ ਦਾ ਦਲੀਆ ਕਰਦਾ, ਕੋਈ ਹੋਰ ਪੂਜਾ, ਪਰ ਅਖੌਤੀ ਲੀਡਰੋਂ ਤੁਹਾਡੀਆਂ ਫੈਕਟਰੀਆਂ ਤੇ ਤੁਹਾਡੇ ਸਾਥੀਆਂ ਦੀਆਂ ਫੈਕਟਰੀਆਂ ਦਾ ਜਹਿਰਲਾ ਪਾਣੀ ਮੇਰੇ ਪੇਟ ‘ਚ ਸੁੱਟਿਆ ਜਾ ਰਿਹਾ, ਪਿਛਲੇ ਸਾਲ ਮੇਰੇ ‘ਚ ਪਏ ਕਈ ਪਾੜ ਉਸੇ ਤਰ੍ਹਾਂ ਮੂੰਹ ਖੁੱਲ੍ਹੇ ਅਸਮਾਨ ਵੱਲ ਉਡੀਕ ਰਹੇ ਨੇ, ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸੱਤਾ ਧਿਰ ਦਾ ਉਮੀਦਵਾਰ ਡਾ. ਬਲਬੀਰ ਸਿੰਘ ਮੇਰੇ ਨੇੜੇ ਆਕੇ ਇਕ ਪਿੰਡ ‘ਚ ਝੂਠਾ ਵਾਅਦਾ ਕਰਦਾ ਕਿ ਮੈਂ ਜੇ ਜਿੱਤ ਗਿਆ ਤਾਂ ਘੱਗਰ ਦੇ ਪੰਜ ਸਰੋਵਰ ਬਣਾ ਦਿਆਂਗਾ, ਓਹ ਭਲੇ ਮਾਣਸਾ! ਬਲਬੀਰਾ ! ਨਾ ਵਰਤ ਅਜਿਹੇ ਪਵਿੱਤਰ ਸ਼ਬਦ, ਸਰੋਵਰ ਦੀ ਮਰਿਯਾਦਾ ਨੂੰ ਨਾ ਭੁੱਲ, ਸਰੋਵਰ ਸ਼ਬਦ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ, ਤਾਹੀਓ! ਕਹਿੰਦੇ ਨੇ ਕਿ ਅਧੂਰੀ ਜਾਣਕਾਰੀ ਹਮੇਸ਼ਾ ਜਾਣਕਾਰੀ ਨਾ ਹੋਣ ਨਾਲੋਂ ਵੀ ਜਿਆਦਾ ਖਤਰਨਾਕ ਹੁੰਦੀ ਹੈ। ਨਾਲੇ ਜਿਹੜੇ ਪਹਿਲਾਂ ਇੱਥੇ ਰਹਿ ਚੁੱਕੇ ਲੋਕ ਸਭਾ ਮੈਂਬਰਾਂ ਨੇ ਮੇਰੀ ਕਦੇ ਸਾਰ ਨਹੀਂ ਲਈ, ਓਹ ਮੇਰੇ ਨੇੜੇ ਵੱਸਦੇ ਲੋਕੋ, ਇਸ ਵਾਰ ਜੇ ਤੁਹਾਡੇ ਨਾਲ ਕੋਈ ਮੇਰੇ ਨਾਂਅ ‘ਤੇ ਵੋਟਾਂ ਮੰਗੇ ਤਾਂ ਉਸ ਨੂੰ ਸਵਾਲ ਜ਼ਰੂਰ ਕਰਿਓ! ਹੁਣ ਤੱਕ ਤੂੰ ਤੇ ਤੇਰੀ ਪਾਰਟੀ ਨੇ ਘੱਗਰ ਦਰਿਆ ਲਈ ਕੀਤਾ ਕੀ ਹੈ? ਹੁਣ ਮੂੰਹ ਚੁੱਕੀ ਹਰ ਉਮੀਦਵਾਰ ਘੱਗਰ ਦਰਿਆ ਦੇ ਮਸਲੇ ‘ਤੇ ਓਹੀ ਤੋਤੇ ਰੱਟ ਭਾਸ਼ਣ ਦੇ ਰਿਹਾ ਹੈ, ਜਿਵੇਂ ਹੁਣ ਲੋਕਾਂ ਨਾਲ ਘੱਗਰ ਦਰਿਆ ਦੇ ਮੁੱਦੇ ‘ਤੇ ਲੀਡਰ ਜਿੱਤਕੇ ਵਿਸ਼ਵਸਘਾਤ ਕਰਦੇ ਰਹੇ ਹਨ। ਸੁਚੇਤ ਹੋ ਜਾਵੋ ਭਰਾਵੋ! ਪੰਜਾਬ ਦੀ ਭੈੜੀ ਸਿਆਸਤ ਦੇ ਨਵੇ ਰੰਗ ਨੇ।
ਆਜ਼ਾਦੀ ਦੇ 75 ਵਰ੍ਹਿਆਂ ਮਗਰੋਂ ਵੀ ਹੁਣ ਤੱਕ ਘੱਗਰ ਦੇ ਲੋਕਾਂ ਦੀ ਹੋਣੀ ਬਦਲ ਨਹੀਂ ਸਕੀ। ਤਕਰੀਬਨ ਹਰ ਵਰ੍ਹੇ ਹੀ ਬਰਸਾਤ ਦੇ ਦਿਨਾਂ ਵਿੱਚ ਪਟਿਆਲ਼ਾ, ਸੰਗਰੂਰ ਅਤੇ ਮਾਨਸਾ ਸਣੇ ਹਰਿਆਣੇ ਦੇ ਕੈਥਲ ਅਤੇ ਸਿਰਸਾ ਜ਼ਿਲ੍ਹਿਆਂ ਦੇ ਵੱਡੇ ਇਲਾਕੇ ਵਿਚ ਘੱਗਰ ਕਹਿਰ ਵਰਤਾਉਂਦਾ ਹੈ।
ਮਨਦੀਪ ਸਿੰਘ ਬੱਲੋਪੁਰ
98722-24128

See also  ਕੌਮੀ ਇਨਸਾਫ਼ ਮੋਰਚੇ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਵਿਰੋਧ `ਚ ਰੋਸ਼ ਪ੍ਰਦਰਸ਼ਨ