ਘਨੌਰ 15 ਮਈ (ਮਨਦੀਪ ਸਿੰਘ ਬੱਲੋਪੁਰ)
ਬੀਤੀ ਰਾਤ ਘਨੌਰ ਹਲਕੇ ਦੇ ਪਿੰਡ ਬੱਲੋਪੁਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਤੇਜ਼ ਤੂਫ਼ਾਨ ਦੌਰਾਨ ਪੋਲਟਰੀ ਫਾਰਮ ਦੀ ਛੱਤ ਹਵਾ ਵਿੱਚ ਲਗਪਗ 60 ਫੁੱਟ ਉੱਪਰ ਉੱਡ ਕੇ ਹਵਾਂ ‘ਚ ਪਲਟੀ ਖਾਂਦੀ ਹੋਈ ਕੋਲ ਹੀ ਖੇਤ ਵਿੱਚ ਜਾ ਡਿੱਗੀ ‘ਤੇ ਪੋਲਟਰੀ ਫਾਰਮ ਦੀ ਦੂਜੀ ਮੰਜ਼ਿਲ ਤਾਂ ਸਾਰੀ ਢਹਿ-ਢੇਰੀ ਹੋ ਗਿਆ। ਪਹਿਲੀ ਮੰਜ਼ਿਲ ਵੀ ਤਕਰੀਬਨ 60% ਨੁਕਸਾਨੀ ਜਾ ਚੁੱਕੀ ਹੈ। ਜਿਸ ਦੇ ਕਾਰਨ ਪਿੰਡ ਬੱਲੋਪੁਰ ਦੇ ਵਸਨੀਕ ਨੌਜਵਾਨ ਵਿਕਰਮਜੀਤ ਸਿੰਘ ਦਾ ਤਕਰੀਬਨ 25 ਲੱਖ ਤੋਂ ਵੱਧ ਦਾ ਭਾਰੀ ਨੁਕਸਾਨ ਹੋ ਗਿਆ। ਨੌਜਵਾਨ ਵਿਦੇਸ਼ ਜਾਣ ਦੀ ਥਾਂ ‘ਤੇ ਕਰਜ਼ਾ ਲੈ ਕੇ ਪਿਛਲੇ ਵਰ੍ਹਿਆਂ ਤੋਂ ਇੱਥੇ ਹੀ ਪੋਲਟਰੀ ਫਾਰਮ ਦਾ ਕੰਮ ਕਰਕੇ ਆਪਣੇ ਆਰਿਥਕ ਹਲਾਤਾਂ ਨਾਲ ਲੜ ਰਿਹਾ ਸੀ, ਪਰ ਕੁਦਰਤੀ ਮਾਰ ਨੌਜਵਾਨ ਵਿਕਰਮਜੀਤ ਸਿੰਘ ਦੇ ਸੁਪਨਿਆਂ ਨੂੰ ਕੁਝ ਸਕਿੰਟਾਂ ‘ਚ ਹੀ ਉਡਾ ਕੇ ਲੈ ਗਈ। ਵਿਕਰਮਜੀਤ ਸਿੰਘ ਦਾ ਕਹਿਣਾ ਹੈ ਜਦੋਂ ਇਹ ਘਟਨਾ ਵਾਪਰੀ ਅਸੀਂ ਪੋਲਟਰੀ ਫਾਰਮ ‘ਚ ਹੀ ਮੌਜੂਦ ਸੀ, ਹਵਾ ਇੰਨੀ ਜ਼ੋਰਦਾਰ ਸੀ ਤੇ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਤਰ੍ਹਾਂ ਪਹਿਲਾਂ ਅਸਮਾਨੀ ਬਿਜਲੀ ਡਿੱਗੀ ਹੋਵੇ ਤੇ ਫਿਰ ਤੇਜ਼ ਤੁਫ਼ਾਨ ਪੋਲਟਰੀ ਫਾਰਮ ‘ਚ ਦਾਖਲ ਹੋ ਗਿਆ। ਜਿਸ ਤੋਂ ਬਾਅਦ ਸ਼ੈੱਡ ਖੜਕਣ ਲੱਗ ਪਿਆ ਤੇ ਜਾਕੇ ਖੇਤਾਂ ‘ਚ ਡਿੱਗ ਗਿਆ ਤੇ ਪੋਲਟਰੀ ਫਾਰਮ ਢਹਿ ਗਿਆ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਲੇ ਸੰਘਰਸ਼ ਦੇ ਦਿਨਾਂ ‘ਚ ਹੀ ਐਨਾ ਨੁਕਸਾਨ ਝੱਲਣਾ ਬੜਾ ਔਖਾ ਹੈ। ਪਰ ਪਰਮਾਤਮਾ ਨੂੰ ਜੋ ਮਨਜ਼ੂਰ ਹੈ ਉਸ ਦੇ ਅੱਗੇ ਕਿਸੇ ਦਾ ਕੋਈ ਵੱਸ ਨਹੀਂ ਚੱਲਦਾ। ਇਸ ਮੌਕੇ ਪਿੰਡ ਗੁਰਦੀਪ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਪੀੜਤ ਨੌਜਵਾਨ ਦੀ ਮਦਦ ਲਈ ਸਮਾਜ ਸੇਵੀ ਅੱਗੇ ਆਉਣ ਤਾਂ ਕਿ ਇਸ ਨੌਜਵਾਨ ਨੂੰ ਮੁੜ ਪੋਲਟਰੀ ਫਾਰਮ ਨੂੰ ਖੜ੍ਹਾ ਕਰਨ ‘ਚ ਮਦਦ ਕੀਤੀ ਜਾਵੇ।



