ਪਿੰਡ ਨਨਹੇੜੀ ਦੇ ਕਿਸਾਨ ਮਹਿੰਦਰ ਦੇ 11 ਏਕੜ ਫਸਲ ਤਬਾਹ, ਘੱਗਰ ਦਰਿਆ ਦੇ ਰੂਪ ‘ਚ ਬਦਲੇ ਖੇਤ
ਘਨੌਰ, 19 ਸਤੰਬਰ (ਮਨਦੀਪ ਸਿੰਘ ਬੱਲੋਪੁਰ)
ਪੰਜਾਬ ਵਿਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਨੇ ਜਿਥੇ ਸੂਬੇ ਦੇ ਖੇਤੀਬਾੜੀ ਸੈਕਟਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਜਿਸ ਨਾਲ ਲੱਖਾਂ ਹੈਕਟੇਅਰ ਫਸਲੀ ਜ਼ਮੀਨ ਪਾਣੀ ਹੇਠ ਆ ਗਈ ਹੈ ਤੇ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਉਥੇ ਹੀ ਘਨੌਰ ਹਲਕੇ ਦੇ ਇਤਿਹਾਸਿਕ ਪਿੰਡ ਨਨਹੇੜੀ ਦੇ ਕਿਸਾਨ ਮਹਿੰਦਰ ਸਿੰਘ ਦੀ 11 ਏਕੜ ਝੋਨਾ ਤਬਾਹ ਹੋ ਗਿਆ, ਤਬਾਹ ਹੀ ਨਹੀਂ ਸਗੋਂ ਹੜ੍ਹ ਨੇ 11 ਏਕੜ ਜ਼ਮੀਨ ਘੱਗਰ ਦਰਿਆ ਦੇ ਰੂਪ ‘ਚ ਬਦਲ ਦਿੱਤੀ। ਜ਼ਮੀਨ ‘ਚ 5 ਫੁੱਟ ਤੋਂ 12 ਫੁੱਟ ਡੂੰਘੇ ਟੋਟੇ ਪੁੱਟ ਕੇ ਕਿਸਾਨ ਮਹਿੰਦਰ ਸਿੰਘ ਤੇ ਆਰਥਿਕ ਸੱਟ ਮਾਰੀ। ਕਿਉਂਕਿ ਸਿੰਜਾਈ ਲਈ ਖੇਤ ‘ਚ ਕਰਵਾਏ ਤਕਰੀਬਨ 350 ਫੁੱਟ ਡੂੰਘੇ ਬੋਰ ਨੂੰ ਵੀ ਪੱਟ ਦਿੱਤਾ ਤੇ ਬੋਰ ‘ਚ ਰੇਤ ਭਰ ਗਈ।
ਕਿਸਾਨ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਸਲ ‘ਤੇ ਤਿੰਨ ਮਹੀਨੇ ਮਿਹਨਤ ਕੀਤੀ ਸੀ ਅਤੇ ਹੁਣ ਵਾਢੀ ਤੋਂ ਇਕ ਮਹੀਨਾ ਪਹਿਲਾਂ ਹੀ ਸਭ ਕੁਝ ਵਹਿ ਗਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਡੀ ਜ਼ਿੰਦਗੀ ਖੇਤਾਂ ਨਾਲ ਜੁੜੀ ਹੋਈ ਹੈ, ਪਰ ਹੁਣ ਆਉਣ ਵਾਲੀ ਬੀਜਾਈ ਵੀ ਤਾਂ ਛੱਡੋ ਕਈ ਸਾਲ ਸਾਨੂੰ ਇਸ ਮਾਰ ਦਾ ਆਰਥਿਕ ਨੁਕਸਾਨ ਹੋਣ ਹੈ । ਕਿਸਾਨ ਮਹਿੰਦਰ ਸਿੰਘ ਦੱਸਿਆ ਕਿ 2023 ‘ਚ ਵੀ ਉਸ ਦੇ ਖੇਤਾਂ ‘ਚ ਘੱਗਰ ਦਾ ਪਾੜ ਪੈ ਗਿਆ ਸੀ ਜਿਸ ਤੇ ਉਸ ਨੇ ਖੁਦ ਆਪਣੇ ਨਿੱਜੀ ਖਰਚੇ ਤੇ ਬੰਨ੍ਹ ਲਾਇਆ ਸੀ ਤੇ ਖੇਤ ਪੱਧਰੇ ਕਰਨ ‘ਤੇ ਵੀ ਲੱਖਾਂ ਦਾ ਖਰਚਾ ਆਪਣੀ ਹੀ ਜੇਬ ‘ਚੋਂ ਕੀਤਾ ਸੀ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਦੇ ਨੁਕਸਾਨ ਨੂੰ ਵੇਖਦਿਆਂ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀ ਏਕੜ 20,000 ਰੁਪਏ ਮੁਆਵਜ਼ਾ ਦੇਣ ਦੀ ਘੋਸ਼ਣਾ ਕੀਤੀ ਹੈ ਅਤੇ ਜਿਸਦਾ ਖੇਤ ਉਸਦੀ ਰੇਤ ਤਹਿਤ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਆਪਣੇ ਖੇਤ ਵਿਚਾਈ ਰੇਤ ਵੇਚ ਸਕਣ ਦਾ ਐਲਾਨ ਵੀ ਕੀਤਾ ਹੈ। ਪਰ ਪੀੜਤ ਕਿਸਾਨ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਰੇਤ ਨੂੰ ਸਾਡੇ ਤੋਂ ਕੌਣ ਖਰੀਦੇਗਾ। ਇਸ ਲਈ ਕਿਸਾਨ ਨੇ ਸਰਕਾਰ ਤੋਂ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕੀ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਤਾਂ ਕਿ ਮੁੜ ਪਟੜੀ ਤੋਂ ਲਹਿ ਗਈ ਜ਼ਿੰਦਗੀ ਪਟੜੀ ‘ਤੇ ਚੜ੍ਹ ਸਕੇ।