ਘਨੌਰ 2 ਅਕਤੂਬਰ (ਮਨਦੀਪ ਸਿੰਘ ਬੱਲੋਪੁਰ)
ਹਲਕਾ ਘਨੌਰ ਦੇ ਕਿਸਾਨਾਂ ਨੂੰ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਤੇ ਵਾਤਾਵਰਣ ਬਚਾਉਣ ਲਈ ਪਰਾਲੀ ਜ਼ਮੀਨ ‘ਚ ਹੀ ਮਿਲਾਉਣ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਉਂਦੇ ਹੋਏ ਘਨੌਰ ਖੇਤੀਬਾੜੀ ਅਫ਼ਸਰ ਡਾ. ਰਣਜੋਧ ਸਿੰਘ ਬੈਂਸ ਨੇ ਕਿਹਾ ਕਿ ਘਨੌਰ ਦੇ ਅਗਾਂਹਵਧੂ ਕਿਸਾਨ ਵਾਤਾਵਰਣ ਅਤੇ ਜ਼ਮੀਨ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਸਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਹਲਕਾ ਘਨੌਰ ਦੀ ਸਮੁੱਚੀ ਟੀਮ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਲਈ ਕਿਸਾਨ ਪਰਾਲੀ ਕੰਟਰੋਲ ਰੂਮ ਨੰਬਰ 0175-2350550 ‘ਤੇ ਸੰਪਰਕ ਕਰਕੇ ਆਪਣੀ ਮਸ਼ੀਨਰੀ ਬੁੱਕ ਕਰਵਾ ਸਕਦੇ ਹਨ।ਡਾ. ਰਣਜੋਧ ਬੈਂਸ ਨੇ ਕਿਸਾਨਾਂ ਨੂੰ ਜੌਂ ਦੀ ਖੇਤੀ ਦੇ ਸੰਬੰਧ ‘ਚ ਜਾਗਰੂਕ ਕਰਦਿਆਂ ਕਿਹਾ ਕਿ ਇਹ ਫਸਲ ਜਿਥੇ ਕਿਸਾਨ ਨੂੰ ਆਰਥਿਕ ਪੱਖੋਂ ਮੁਨਾਫਾ ਦਿੰਦੀ ਹੈ ਉਥੇ ਹੀ ਮਨੁੱਖ ਦੇ ਸਰੀਰ ਲਈ ਵੀ ਗੁਣਵਾਨ ਹੈ। ਇਸ ਤੋਂ ਇਲਾਵਾ ਡਾ. ਅਨੁਰਾਗ ਅਤਰੀ ਏਡੀਓ, ਡਾ. ਜਸਲੀਨ ਕੌਰ ਏਡੀਓ, ਮਨਪ੍ਰੀਤ ਸਿੰਘ ਏਈਓ ਨੇ ਵੀ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਕੌਮੀ ਗ੍ਰੀਨ ਟ੍ਰਿਬਿਊਨਲ ਤੇ ਕਮਿਸ਼ਨ ਫਾਰ ਏਅਰ ਕੰਟਰੋਲ ਕੁਆਲਿਟੀ ਮੈਨਜੇਮੈਂਟ ਦੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾਂ ਕਰਵਾਉਣ ਲਈ ਹਲਕੇ ਘਨੌਰ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਨਜ਼ਰ ਰੱਖਣ ਲਈ ਲਗਾਤਾਰ ਖੇਤਾਂ ਦੇ ਦੌਰੇ ਕਰ ਰਹੇ ਹਨ ਤੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਉਪਾਅ ਕਰ ਰਹੇ ਹਨ।
ਦੱਸ ਦੇਈਏ ਕਿ ਪਟਿਆਲਾ ਜ਼ਿਲ੍ਹੇ ਭਰ ਦੇ ਸਾਰੇ ਪਿੰਡਾਂ ‘ਚ 938 ਨੋਡਲ ਅਫ਼ਸਰ ਅਤੇ 101 ਕਲਸਟਰ ਅਫ਼ਸਰਾਂ ਸਮੇਤ 13 ਆਬਜਰਵਰਾਂ ਤੋਂ ਇਲਾਵਾ ਫਲਾਇੰਗ ਸੁਕੈਡ ਦਾ ਗਠਨ ਕਰਦੇ ਹੋਏ 6 ਏ.ਡੀ.ਸੀ. ਤੇ 6 ਐਸ.ਪੀ ਪੱਧਰ ਦੇ ਅਫ਼ਸਰ ਵੀ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨਾਲ ਮੀਟਿੰਗਾਂ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹਨ। ਇਸ ਦੌਰਾਨ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਮਸ਼ੀਨਰੀ ਉਪਲਬੱਧ ਹੋਵੇਗੀ, ਤਾਂ ਘਨੌਰ ਹਲਕਾ ਪਰਾਲੀ ਪ੍ਰਦੂਸ਼ਣ ਮੁਕਤ ਬਣ ਸਕੇਗਾ। ਜਿਸ ਕਰਕੇ ਉਹ ਹੁਣ ਪਰਾਲੀ ਨੂੰ ਅੱਗ ਲਾਏ ਬਿਨ੍ਹਾਂ ਸੰਭਾਲਣ ਲਈ ਪੂਰੀ ਤਰ੍ਹਾਂ ਪ੍ਰਸ਼ਾਸਨ ਦਾ ਸਾਥ ਦੇਣਗੇ। ਜਦਕਿ ਪ੍ਰਸ਼ਾਸਨ ਵੱਲੋਂ ਅਜਿਹੇ ਕਿਸਾਨਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ, ਜਿਹੜੇ ਪਰਾਲੀ ਨੂੰ ਅੱਗ ਲਾਉਣ ਤੋਂ ਇਨਕਾਰੀ ਹਨ।