ਘਨੌਰ 16 ਮਾਰਚ (ਮਨਦੀਪ ਸਿੰਘ ਬੱਲੋਪੁਰ)

ਲੰਬੇ ਸਮੇਂ ਤੋਂ ਘਨੌਰ ਹਲਕੇ ਦੀ ਬੀਜੇਪੀ ਪਾਰਟੀ ਵਲੋਂ ਨੁਮਾਇੰਦਗੀ ਕਰ ਰਹੇ ਵਿਕਾਸ ਸ਼ਰਮਾ ਦੇ ਵੱਲੋਂ ਘਨੌਰ ਹਲਕੇ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਨਥਾਣਾ ਸਾਹਿਬ ਵਿਖੇ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ 1984 ਦੇ ਸਿੱਖ ਕਤਲੇਆਮ ਕੇਸ ਦੇ ਵਿੱਚ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੂਹਰੀ ਉਮਰ ਕੈਦ ਦੇਣ ਦੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਿਸ ਦੇ ਵਿੱਚ ਅਰਦਾਸ ਕੀਤੀ ਗਈ

ਬੀਜੇਪੀ ਆਗੂ ਵਿਕਾਸ ਸ਼ਰਮਾ ਨੇ ਕਿਹਾ ਕਿ ਬੜੀ ਲੰਬੀ ਉਡੀਕ ਤੋਂ ਬਾਅਦ ਸੱਜਣ ਕੁਮਾਰ ਨੂੰ ਸਜ਼ਾ ਹੋਣ ਨਾਲ ਸਿੱਖਾਂ ਦੇ ਜਖ਼ਮਾਂ ’ਤੇ ਮਲੱਮ ਲੱਗਿਆ ਹੈ ਤੇ ਇਨਸਾਫ ਦੀ ਆਸ ਵੀ ਜਾਗੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਸਿੱਖ ਨਸਲਕੁਸ਼ੀ ਇਕ ਅਜਿਹੀ ਭਿਆਨਕ ਅਤੇ ਦਰਦਨਾਕ ਘਟਨਾ ਸੀ ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਬਹੁਤ ਸਾਰੇ ਪੀੜਤ ਇਨਸਾਫ ਦੀ ਉਡੀਕ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਨਾਲ ਹੀ ਉਨ੍ਹਾਂ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਵੀ ਸਵਾਲ ਕੀਤਾ ਕਿ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਮਿਲੀ ਸਜ਼ਾ ਦਾ ਸਵਾਗਤ ਕਰਨ ’ਚ ਉਨ੍ਹਾਂ ਨੂੰ ਗੁਰੇਜ਼ ਕਿਉਂ ਹੈ? ਵਿਕਾਸ ਸ਼ਰਮਾ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਮਿਲੀ ਸਜ਼ਾ ਨੂੰ ਲੈ ਕੇ ਕਾਂਗਰਸੀ ਆਗੂਆਂ ਦੀ ਚੁੱਪੀ ਨੇ ਕਾਂਗਰਸ ਦਾ ਅਸਲੀ ਚਿਹਰਾ ਸਾਰੀ ਦੁਨੀਆ ਦੇ ਸਾਹਮਣੇ ਨੰਗਾ ਕਰ ਦਿੱਤਾ ਹੈ। ਨਿੱਕੀ-ਨਿੱਕੀ ਗੱਲ ’ਤੇ ਟਵੀਟ ਕਰਨ ਵਾਲਾ ਗਾਂਧੀ ਪਰਿਵਾਰ ਤੇ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਦੀ ਚੁੱਪੀ ਗਵਾਹੀ ਭਰਦੀ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਨੂੰ ਕਾਂਗਰਸ ਪਾਰਟੀ ਦਾ ਖਾਮੋਸ਼ ਸਮਰਥਨ ਹਾਸਲ ਸੀ। ਉਨ੍ਹਾਂ ਨੇ ਕਿਹਾ ਕੀ ਕਾਂਗਰਸ ਨੇ ਇਨ੍ਹਾਂ ਨੂੰ ਸਜ਼ਾਵਾਂ ਕੀ ਦੇਣੀਆਂ ਸੀ ਉਨ੍ਹਾਂ ਨੇ ਆਪਣੀ ਸਰਕਾਰ ਦੌਰਾਨ ਇਨ੍ਹਾਂ ਨੂੰ ਵੱਡੀਆਂ-ਵੱਡੀਆਂ ਜ਼ਿਮੇਵਾਰੀਆਂ ਦਿੱਤੀਆਂ ਪਰ ਇਨਸਾਫ਼ ਸਿੱਖ ਕੌਮ ਨੂੰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦਿੱਤਾ।

ਜ਼ਿਕਰਯੋਗ ਹੈ ਕਿ ਇਸ ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਵਾਈ ਤੇ ਵਿਸ਼ੇਸ਼ ਤੌਰ ਤੇ ਭਾਜਪਾ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਤੇ ਜਿਲਾ ਪ੍ਰਧਾਨ ਭਾਜਪਾ ਜਸਪਾਲ ਸਿੰਘ ਪਹੁੰਚੇ ਸਨ।