ਸਿੱਖ ਸਿਆਸਤ ਸਮੂਹ ਧਰਮਾਂ ਦੀ ਤਰਜ਼ਮਾਨੀ ਕਰਦੀ ਹੈ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਸੁਰਜੀਤ ਸਿੰਘ ਰੱਖੜਾ ਤੇ ਤੇਜਿੰਦਰਪਾਲ ਸਿੰਘ ਸੰਧੂ ਨੇ ਸਿੱਖ ਸੰਗਤਾਂ ਤੋਂ ਦੋ ਮਤਿਆਂ ਤੇ ਲਈ ਸਹਿਮਤੀ
ਬਹਾਦਰਗੜ੍ਹ (ਮਨਦੀਪ ਸਿੰਘ ਬੱਲੋਪੁਰ) ਸਾਬਕਾ ਕੈਬਨਿਟ ਮੰਤਰੀ ਸਵ. ਸ. ਜਸਦੇਵ ਸਿੰਘ ਸੰਧੂ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਵਿਚਾਰ ਸੰਮੇਲਨ ਪਿੰਡ ਕੌਲੀ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਸਿੱਖ ਬੁੱਧੀਜੀਵੀਆਂ ਵਲੋਂ ਵੀ ਅਜੋਕੀ ਸਿੱਖ ਸਿਆਸਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਐੱਸ. ਐੱਸ. ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਵਲੋਂ ਪੁੱਜੀਆਂ ਸਖ਼ਸ਼ੀਅਤਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਸਮਾਗਮ ਵਿੱਚ ਸ਼ਾਮਿਲ ਹੋਏ।ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ, ਅਕਾਲੀ ਦਲ ਦਾ ਨੁਕਸਾਨ ਕਰਨ ਲਈ ਨਹੀਂ, ਸਗੋਂ ਪਾਰਟੀ ਨੂੰ ਬਚਾਉਣ ਦੀ ਸੋਚ ਨੂੰ ਲੈ ਕੇ ਜਾਰੀ ਕੀਤੇ ਗਏ ਸਨ, ਪਰ ਕੁਝ ਕੁ ਆਗੂਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਇਨ੍ਹਾਂ ਹੁਕਮਨਾਮਿਆਂ ਦੀ ਵਿਰੋਧਤਾ ਕੀਤੀ ਗਈ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਨਹੀਂ ਸਗੋਂ ਪੰਥਕ ਮਰਿਆਦਾ ਅਤੇ ਸੋਚ ਨੂੰ ਵੀ ਡੂੰਘੀ ਸੱਟ ਵੱਜੀ। ਉਨ੍ਹਾਂ ਕਿਹਾ ਕਿ ਜੋ ਕੁਝ ਕੁ ਆਗੂ ਆਪਣੇ ਆਪ ਨੂੰ ਅਕਾਲੀ ਕਹਾਉਂਦੇ ਹਨ, ਪਰ ਉਨ੍ਹਾਂ ਨੂੰ ਨਾ ਤਾਂ ਅਕਾਲ ਦੀ ਸਮਝ ਹੈ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਕਲਪ ਦੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੇ ਹੀ ਬਦਲਾ ਲਉ ਭਾਵਨਾ ਤਹਿਤ ਸਾਡਾ ਨੁਕਸਾਨ ਕਰਦਿਆਂ ਪੰਥਕ ਸੰਸਥਾਵਾਂ ਅਤੇ ਮਰਿਆਦਾ ਦੀ ਵੀ ਉਲੰਘਣਾ ਕੀਤੀ ਹੈ ਜਿਸ ਕਾਰਣ ਪੰਥਕ ਸਫਾ ਵਿੱਚ ਅਫਸੋਸ ਦੀ ਲਹਿਰ ਹੈ। ਉਨ੍ਹਾਂ ਇਸ ਮੌਕੇ ਅਪੀਲ ਕੀਤੀ ਕਿ ਅੱਜ ਪੰਥ ਨੂੰ ਬਚਾਉਣ ਲਈ ਕਾਫਲਿਆਂ ਦੇ ਰੂਪ ਵਿੱਚ ਤੁਰਨ ਦੀ ਲੋੜ ਹੈ, ਜਿਸ ’ਚ ਸਾਡੀ ਨੌਜਵਾਨ ਪੀੜ੍ਹੀ ਪੰਥਕ ਸੋਚ ਲੈ ਕੇ ਨਾਲ ਚੱਲੇ। ਸਾਬਕਾ ਜਥੇਦਾਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਪਿਆਰ ਕਰਨ ਵਾਲੇ ਇਸ ਕਾਫਲੇ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਜੇਕਰ ਪੰਥ ਦਾ ਮਾੜਾ ਸੋਚਣ ਵਾਲੇ ਰਾਜਨੀਤੀਵਾਨਾਂ ਨੂੰ ਅੱਜ ਸਿੱਖ ਰਾਜਨੀਤੀ ਤੋਂ ਬਾਹਰ ਨਾ ਕੀਤਾ ਗਿਆ ਤਾਂ ਸਿੱਖ ਭਾਈਚਾਰੇ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਸਿੱਖ ਰਾਜਨੀਤੀ ਕੇਵਲ ਸਿੱਖਾਂ ਲਈ ਨਹੀਂ, ਸਗੋਂ ਮਾਨਵਤਾ ਦੀ ਭਲਾਈ ਲਈ ਹੈ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਦੇਸ਼ ਦੇ ਹਿੰਦੂਆਂ, ਮੁਸਲਮਾਨਾਂ, ਜੈਨੀਆਂ, ਬੋਧੀਆਂ ਅਤੇ ਹਰ ਇੱਕ ਧਰਮ ਦੀ ਭਲਾਈ ਦੇ ਹੱਕ ਵਿੱਚ ਹੈ। ਇਸ ਮੌਕੇ ਸH ਤੇਜਿੰਦਰਪਾਲ ਸਿੰਘ ਸੰਧੂ ਨੇ ਸਾਰਿਆਂ ਦੀ ਸਹਿਮਤੀ ਨਾਲ ਦੋ ਮਤੇ ਪਾਸ ਕੀਤੇ, ਜਿਨ੍ਹਾਂ ਵਿੱਚ ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਥਕ ਇਕੱਠ ਦੌਰਾਨ ਪਾਸ ਕੀਤੇ ਮਤੇ ਕਿ ਸਿੱਖ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਨ੍ਹਾਂ ਕਾਰਜਕਾਰੀ ਮੈਂਬਰਾਂ ਦੀ ਸੰਗਤ ਜਵਾਬਦੇਹੀ ਕਰਨ, ਜਿਨ੍ਹਾਂ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਖਿਲਾਫ ਫੈਸਲਾ ਕਰਕੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਜਬਰੀ ਖਤਮ ਕੀਤੀਆਂ। ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਮੰਗ ਕਰਦਾ ਹੈ ਕਿ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਇੱਕ ਬੋਰਡ ਸਥਾਪਿਤ ਕੀਤਾ ਜਾਵੇ, ਜਿਸ ਨਾਲ ਸੰਗਤਾਂ ਦੀ ਭਾਵਨਾਵਾਂ ਅਨੁਸਾਰ ਨਿਯਮ ਬਣਾਏ ਜਾਣ। ਇਸ ਮੌਕੇ ਸਿੱਖ ਚਿੰਤਕ ਡਾH ਬਲਕਾਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਤੀ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਤੇ ਚਾਨ੍ਹਣਾ ਪਾਇਆ। ਸਮਾਗਮ ਦੌਰਾਨ ਪ੍ਰੋ. ਅਵਤਾਰ ਸਿੰਘ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਸਲ ਅਰਥਾਂ ਤੇ ਇਸ ਦੀ ਮਰਿਆਦਾ ਤੇ ਬੋਲਦਿਆਂ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕੀਤੀ। ਪ੍ਰੋ. ਪਰਮਵੀਰ ਸਿੰਘ ਨੇ ਸਿੱਖ ਕੌਮ ਦੀਆਂ ਮੌਜੂਦਾ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ। ਅਮਰਜੀਤ ਸਿੰਘ ਅਤੇ ਪ੍ਰੋ. ਜਸਬੀਰ ਕੌਰ, ਡਾ. ਕਸ਼ਮੀਰ ਸਿੰਘ ਵਲੋਂ ਵੀ ਆਪਣੇ ਵਿਚਾਰ ਰੱਖਦੇ ਗਏ। ਸਮਾਗਮ ਦੇ ਅੰਤ ਵਿੱਚ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਇੱਕੇ ਪੁੱਜੀਆਂ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਅੱਜ ਸਿੱਖ ਕੌਮ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ। ਇਸ ਮੌਕੇ ਬੀਬੀ ਪਰਮਜੀਤ ਕੌਰ ਗੁਲਸ਼ਨ, ਜਥੇਦਾਰ ਸਤਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ ਦੋਵੇਂ ਐੱਸ. ਸੀ. ਪੀ. ਸੀ. ਮੈਂਬਰ, ਹਰਿੰਦਰਪਾਲ ਸਿੰਘ ਟੌਹੜਾ, ਜਸਟਿਸ ਨਿਰਮਲ ਸਿੰਘ, ਕਰਨੈਲ ਸਿੰਘ ਪੰਜੌਲੀ, ਬੀਬਾ ਅਨੂਪਿੰਦਰ ਕੌਰ ਸੰਧੂ ਤੋਂ ਇਲਾਵਾ ਵੱਡੀ ਗਿਣਤੀ ’ਚ ਆਗੂ ਹਾਜ਼ਰ ਸਨ।