ਘਨੌਰ 1 ਅਕਤੂਬਰ (ਮਨਦੀਪ ਸਿੰਘ ਬੱਲੋਪੁਰ) ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਆਪਣੀ ਹੀ ਪਾਰਟੀ ‘ਤੇ ਉਠਾਏ ਗਏ ਸਵਾਲਾਂ ਦੇ ਸਮਰਥਨ ‘ਚ ਹੁਣ ਕਾਂਗਰਸੀ ਡਟਦੇ ਦਿਖਾਈ ਦੇ ਰਹੇ ਹਨ। ਜਿਥੇ ਡਾ. ਗਾਂਧੀ ਦੇ ਇਸ ਫੇਸਬੁੱਕ ਪੋਸਟ ਨੇ ਸਿਆਸੀ ਗਲਿਆਰਿਆਂ ‘ਚ ਵੱਖਰੀ ਚਰਚਾ ਛੇੜ ਦਿੱਤੀ ਹੈ ਉਥੇ ਹੀ ਹੁਣ ਘਨੌਰ ਕਾਂਗਰਸ ‘ਚ ਵੀ ਹਿਲਜੁਲ ਹੁੰਦੀ ਦਿਖਾਈ ਦੇ ਰਹੀ ਹੈ। ਘਨੌਰ ਕਾਂਗਰਸ ਦੇ ਜਗਵਿੰਦਰ ਸਿੰਘ ਲੰਜਾਂ (ਪ੍ਰਧਾਨ ਬਲਾਕ ਘਨੌਰ), ਸੀਨੀਅਰ ਲੀਡਰ ਹਰਦੀਪ ਸਿੰਘ ਲਾਡਾ, ਪਰਮਿੰਦਰ ਸਿੰਘ ਲਾਲੀ ਜਿਲ੍ਹਾ ਪ੍ਰੀਸ਼ਦ ਮੈਂਬਰ, ਗੁਰਪ੍ਰੀਤ ਸਿੰਘ ਸੰਧੂ ਨੇ ‘ਪੁਆਧ ਟੀਵੀ ਪੰਜਾਬ’ ‘ਤੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਡਾ. ਧਰਮਵੀਰ ਗਾਂਧੀ ਜੀ ਆਮ ਘਰਾਂ ਦੇ ਨੌਜਵਾਨਾਂ ਦੀ ਆਵਾਜ਼ ਬਣਕੇ ਖੜ੍ਹੇ ਹਨ। ਤਾਂਹੀਓ ਵਧੀਆ ਸੋਚ ਵਾਲੇ ਲੋਕ ਪਾਰਟੀ ਨਾਲ ਜੁੜਨਗੇ। ਜਿਸ ਦੇ ਨਾਲ 2027 ‘ਚ ਪਾਰਟੀ ਨੂੰ ਬੁਨਿਆਦੀ ਤੌਰ ‘ਤੇ ਵੀ ਜਿਥੇ ਮਜਬੂਤੀ ਮਿਲੇਗੀ ਉਥੇ ਹੀ 2027 ‘ਚ ਮੁੜ ਕਾਂਗਰਸ ਦੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਘਨੌਰ ਹਲਕੇ ਤੋਂ ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ ਅਸੀਂ ਉਸ ਦਾ ਸਾਥ ਦੇਵਾਂਗਾ, ਪਰ ਅਸੀਂ ਚੋਰਾਂ ਸਾਥ ਨਹੀਂ ਦਿੰਦੇ ਜਿਨ੍ਹਾਂ ਨੇ ਲੋਕ ਲੁੱਟੇ ਤੇ ਕੁੱਟੇ।

ਇਸ ਤੋਂ ਇਲਾਵਾ ਕਾਂਗਰਸ ਨੇ ਅੱਜ ਦੇਸ਼ ਵਿਆਪੀ ਮੁਹਿੰਮ ਦੇ ਹਿੱਸੇ ਵਜੋਂ ‘ਵੋਟ ਚੋਰੀ’ ਵਿਰੁੱਧ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ 15 ਅਕਤੂਬਰ ਨੂੰ ਭਾਰਤੀ ਚੋਣ ਕਮਿਸ਼ਨ ਨੂੰ 5 ਕਰੋੜ ਦਸਤਖ਼ਤ ਜਮ੍ਹਾਂ ਕਰਵਾਏ ਜਾਣਗੇ। ਜਿਨ੍ਹਾਂ ਵਿੱਚੋਂ ਪੰਜਾਬ ਤੋਂ 15 ਲੱਖ ਦਸਤਖ਼ਤ ਜਮ੍ਹਾਂ ਕਰਵਾਏ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਜਗਵਿੰਦਰ ਸਿੰਘ ਲੰਜਾਂ (ਪ੍ਰਧਾਨ ਬਲਾਕ ਘਨੌਰ), ਸੀਨੀਅਰ ਲੀਡਰ ਹਰਦੀਪ ਸਿੰਘ ਲਾਡਾ, ਪਰਮਿੰਦਰ ਸਿੰਘ ਲਾਲੀ ਜਿਲ੍ਹਾ ਪ੍ਰੀਸ਼ਦ ਮੈਂਬਰ, ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਅਸੀਂ ਘਨੌਰ ਹਲਕੇ ਤੋਂ ਵੋਟ ਚੋਰੀ ਦੇ ਖਿਲਾਫ਼ ‘ਦਸਤਖ਼ਤ ਮੁਹਿੰਮ’ ‘ਚ ਘਨੌਰ ਹਲਕੇ ਦੇ ਵੋਟਰਾਂ ਦੇ ਦਸਤਖ਼ਤ ਕਰਾਕੇ ਪਾਰਟੀ ਨੂੰ ਭੇਜੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਜ਼ਰੀਏ ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਲੋਕਤੰਤਰ ਨੂੰ ਬਚਾਉਣ ਲਈ ਅਤੇ ਚੋਣਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਡਿਜ਼ੀਟਲ ਵੋਟਰ ਸੂਚੀ ਜਾਰੀ ਕੀਤੀ ਜਾਵੇ। ਖਾਸ ਤੌਰ ‘ਤੇ ਘਨੌਰ ਹਲਕੇ ਦੇ ਲੋਕਾਂ ਨੂੰ ਇਨ੍ਹਾਂ ਵਲੋਂ ਅਪੀਲ ਕੀਤੀ ਗਈ ਕਿ ਆਓ ਇਕਜੁੱਟ ਹੋਈਏ ਅਤੇ ਆਪਣੀਆਂ ਵੋਟਾਂ ਦੀ ਰੱਖਿਆ ਕਰੀਏ!

error: Content is protected !!