ਕਦੋਂ ਤੇ ਕਿਵੇਂ ਹੋਵੇਗਾ ਘਨੌਰ ਹਲਕਾ ਹੜ੍ਹ ਮੁਕਤ ?

ਲੇਖਕ : ਮਨਦੀਪ ਸਿੰਘ ਬੱਲੋਪੁਰ

98722-24128

ਹਰ ਸਾਲ ਜੁਲਾਈ-ਅਗਸਤ ਦੋ ਮਹੀਨੇ ਮੌਨਸੂਨ ਦੀ ਆਮਦ ‘ਤੇ ਹੀ ਘੱਗਰ ਦਰਿਆ ‘ਚ ਆਏ ਹੜ੍ਹਾਂ ਕਾਰਨ ਪੰਜਾਬ ਦੇ 11 ਵਿਧਾਨ ਸਭਾ ਹਲਕੇ ਡੇਰਾਬੱਸੀ, ਰਾਜਪੁਰਾ, ਘਨੌਰ, ਸਨੌਰ, ਪਟਿਆਲਾ, ਸਮਾਣਾ, ਲਹਿਰਾਗਾਗਾ, ਬੁੱਢਲਾਡਾ, ਸ਼ੁਤਰਾਣਾ, ਮਾਨਸਾ ਤੇ ਸਰਦੂਲਗੜ੍ਹ ਤੋਂ ਇਲਾਵਾ ਹਰਿਆਣਾ ਦੇ ਸਿਰਸਾ ਤੇ ਫਤਿਆਬਾਦ ਅਤੇ ਰਾਜਸਥਾਨ ਦੇ ਗੰਗਾਨਗਰ ਤੇ ਹਨੂੰਮਾਨਗੜ੍ਹ ਜਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਐਂਤਕੀ ਭਾਦੋਂ ਮਹੀਨੇ ਦੇ ਅਖੀਰ ‘ਚ ਯਾਨਿਕ ਅਗਸਤ ਦੇ ਅਖੀਰ ਤੇ ਸਤੰਬਰ ਦੇ ਪਹਿਲੇ ਹਫ਼ਤੇ ‘ਚ ਹੜ੍ਹ ਉਦੋਂ ਆ ਗਏ ਜਦੋਂ ਕੁਝ ਥਾਵਾਂ ਤੇ ਫਸਲ ਪੱਕ ਚੁੱਕੀ ਸੀ ਤੇ ਕੁਝ ਥਾਵਾਂ ‘ਤੇ ਫਸਲ ਨਿਸਰ ਰਹੀ ਸੀ। ਕਿਸਾਨ ਫਸਲ ਨੂੰ ਮੰਡੀਆਂ ‘ਚ ਲੈਕੇ ਜਾਣ ਦੀ ਤਿਆਰੀ ਕਰ ਰਹੇ ਸੀ ਪਰ ਘੱਗਰ ‘ਚ ਆਏ ਹੜ੍ਹ ਨੇ ਲੋਕਾਂ ਨੂੰ ਝੰਜੋੜ ਕੇ ਹੀ ਨਹੀਂ ਰੱਖ ਦਿੱਤਾ ਸਗੋਂ ਆਰਥਿਕ ਪੱਖੋਂ ਕਿਸਾਨਾਂ ਨੂੰ ਕਮਜ਼ੋਰ ਕੀਤਾ।

ਮੌਜੂਦਾ ਸਮੇਂ ਘਨੌਰ ਹਲਕੇ ‘ਚ ਹੋਏ ਖਰਾਬੇ ਤੋਂ ਬਾਅਦ ਇਕ ਵਾਰ ਫਿਰ ਹਰ ਵਿਅਕਤੀ ਦੇ ਮਨ ‘ਚ ਇਹ ਜਾਣਨ ਦੀ ਲਾਲਸਾ ਹੈ ਕਿ ਸਦੀਆਂ ਤੋਂ ਕਿਸਾਨਾਂ ਲਈ ਵਰਦਾਨ ਇਹ ਘੱਗਰ ਦਰਿਆ ਆਖਰਕਾਰ ਸਰਾਪ ਕਿਵੇਂ ਬਣ ਗਿਆ? ਇਸ ਸਵਾਲ ਦਾ ਗਹਿਰਾਈ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਇਸ ਲਈ ਕੇਵਲ ਸਰਕਾਰਾਂ ਦੀਆਂ ਗਲਤ ਨੀਤੀਆਂ ਹੀ ਨਹੀਂ ਜ਼ਿੰਮੇਵਾਰ ਸਗੋਂ, ਘੱਗਰ ਦੇ ਕੰਢੇ ਵੱਸੇ ਓਹ ਲੋਕ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ ਜੋ ਇਸ ਕੁਦਰਤੀ ਵਹਾਅ ਨਾਲ ਕੀਤੀ ਜਾ ਰਹੀ ਛੇੜ-ਛਾੜ ਵੀ ਇਸ ਭਾਰੀ ਤਬਾਹੀ ਦਾ ਕਾਰਨ ਬਣਦੀ ਹੈ। ਖਾਸ ਕਰਕੇ ਘਨੌਰ ਹਲਕੇ ‘ਚ ਲੰਮੇਂ ਸਮੇਂ ਤੋਂ ਚੱਲ ਰਹੇ ਇਸ ਮੁੱਦੇ ਬਾਰੇ ਕੁਝ ਸਤਰਾ ਹੇਠ ਲਿਖੇ ਅਨੁਸਾਰ ਹਨ :

ਸਿਆਸਤ ‘ਚ ਮਿਲੀ ਘੱਗਰ ਦੀ ਮਾਰ ਇਸ ਨੂੰ।

ਲਾਰਿਆ ਲੱਪਿਆ ਦੀ ਨਾ ਕੋਈ ਘਾਟ ਇਸ ਨੂੰ।

ਤੁਰੇ ਫਿਰਦੇ ਨੇ ਸਾਰੇ ਡਫਲੀ ਵਜਾਉਂਦੇ,

ਪ੍ਰਸ਼ਾਸਨ ਤਾਂ ਰੱਖਿਆ ਡਰਨ ਤੇ ਡਰਾਉਣ ਨੂੰ।

ਹੜ੍ਹਣ ਤੇ ਹੜ੍ਹਾਉਣ ਨੂੰ ਤਾਂ ਪਿੰਡ ਰੱਖੇ ਐ,

ਸਰਾਲਾਂ ਹੈਂਡ ਰੱਖਿਆ ਫੋਟੋਆ ਖਿਚਾਉਣ ਨੂੰ।

ਕਈ ਦਹਾਕਿਆਂ ਤੋਂ ਘੱਗਰ ਦਰਿਆ ਤੋਂ ਪੀੜਤ ਲੋਕ ਸਿਆਸਤਦਾਨਾਂ ਦੇ ਓਹੀ ਰੱਟੇ ਰਟਾਏ ਬਿਆਨ ਸੁਣਦੇ-ਸੁਣਦੇ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਜਦੋਂ ਜਿਹੜਾ ਸੱਤਾ ‘ਚ ਹੁੰਦੈ ਤਾਂ ਓਹ ਇਹ ਗੱਲ ਕਹਿਕੇ ਬੂੱਤਾ ਸਾਰ ਦਿੰਦੈ ਕਿ ਇਹ ਤਾਂ ਕੁਦਰਤੀ ਕੁਰੋਪੀ ਹੈ ਪਰ ਵਿਰੋਧੀ ਧਿਰ ਸੱਤਾ ਧਿਰ ਨੂੰ ਘੇਰਦੇ ਨੇ ਕਿ ਮੌਜੂਦਾ ਵਿਧਾਇਕ ਜਾਂ ਸਰਕਾਰ ਨੇ ਹੜ੍ਹ ਰੋਕਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ। ਜ਼ਿਆਦਾਤਰ ਲੀਡਰ ਸਰਾਲਾ ਹੈਂਡ (ਮੌਜੂਦਾ ਸਮੇਂ ਗੁਰਦੁਆਰਾ ਸਾਹਿਬ ਧੰਨ ਭਗਤ ਜੀ) ਕੋਲ ਫੋਟੋਆ ਖਿਚਾਕੇ ਚਲੇ ਜਾਂਦੇ ਹਨ। ਮੌਜੂਦਾ ਸਮੇਂ ਇਉ ਲੱਗਦੈ ਜਿਵੇਂ ਸਰਾਲਾ ਹੈਂਡ ਹੜ੍ਹਾਂ ਲਈ ਲੀਡਰਾਂ ਦਾ ਹੜ੍ਹ ਫੋਟੋ ਸੂਟ ਕੇਂਦਰ ਬਣ ਗਿਆ ਹੋਵੇ। ਜਦੋਂ 1998 ‘ਚ ਹੜ੍ਹ ਆਏ ਸੀ ਤਾਂ ਘਨੌਰ ਹਲਕੇ ਦੇ ਕਈ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਸੀ ਜਦੋਂ 10 ਜੁਲਾਈ 1998 ‘ਚ ਹੜ੍ਹ ਆਏ ਤਾਂ ਘਨੌਰ ਹਲਕੇ ਦੇ ਤਕਰੀਬਨ 4 ਦਰਜਨ ਪਿੰਡ ਪਾਣੀ ‘ਚ ਘਿਰੇ ਹੋਏ ਸਨ। ਚਾਰ ਤੋਂ 6 ਫੁੱਟ ਤੱਕ ਤੇਜ਼ ਰਫ਼ਤਾਰ ਨਾਲ ਵੱਗ ਰਹੇ ਇਸ ਪਾਣੀ ਨਾਲ ਜਿਥੇ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਭਾਰੀ ਤਬਾਹੀ ਹੋਈ, ਖੇਤੀਬਾੜੀ ਨਾਲ ਸਬੰਧਤ ਹੋਰ ਸਮਾਨ ਦਾ ਨੁਕਸਾਨ ਵੀ ਹੋਇਆ ਉਥੇ ਪਾਣੀ ‘ਚ ਰੁੜ੍ਹ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਵੀ ਹੋ ਗਈ ਸੀ। ਦੱਸ ਦੇਈਏ ਕਿ ਮਰਨ ਵਾਲਿਆਂ ‘ਚ ਪਿੰਡ ਮਦਨਪੁਰ-ਚਲਹੇੜੀ ਦਾ ਜਸਵੰਤ ਸਿੰਘ ਉਰਫ ਬਿੱਲਾ ਪੁੱਤਰ ਮਾਘੀ ਰਾਮ ਅਤੇ ਪਿੰਡ ਜੰਡਮੰਗੋਲੀ ਦਾ ਪੈਂਤੀ ਸਾਲਾ ਹਜ਼ਾਰਾ ਸਿੰਘ ਪੁੱਤਰ ਗੁਰਦਿਆਲ ਸਿੰਘ ਸਨ ਜਦਕਿ 20 ਸਾਲਾ ਜਸਵੰਤ ਸਿੰਘ ਬਿੱਲਾ ਸਾਇਕਲ ਉੱਤੇ ਸੀ ਤੇ ਪਾਣੀ ‘ਚ ਲੰਘ ਰਿਹਾ ਸੀ ਕਿ ਅਚਾਨਕ ਝੁਕਾਅ ਉਸ ਪਾਸੇ ਹੋ ਗਿਆ ਜਿਸ ਪਾਸੇ ਪਾਣੀ ਵਗ ਰਿਹਾ ਸੀ ਤੇ ਉਹ SYL ਨਹਿਰ ‘ਚ ਰੁੜ੍ਹ ਗਿਆ। ਕਿਹਾ ਜਾਂਦੈ ਕਿ ਇਹ ਭਿਆਨਕ ਦ੍ਰਿਸ਼ ਉਸ ਦੇ ਇਕ ਹੋਰ ਸਾਥੀ ਨੇ ਦੇਖਿਆ ਜੋ ਓਹਦੇ ਪਿੱਛੇ ਹੀ ਸਾਈਕਲ ਤੇ ਆ ਰਿਹਾ ਸੀ। ਮ੍ਰਿਤਕ ਜਸਵੰਤ ਸਿੰਘ ਦਾ ਜਲਦੀ ਹੀ ਵਿਆਹ ਹੋਣ ਵਾਲਾ ਸੀ, ਫਿਰ ਉਸ ਦਾ ਸਿਹਰੇ ਬੰਨ੍ਹ ਕੇ ਅਤੇ ਗਲ ‘ਚ ਹਾਰ ਪਾਕੇ ਸਸਕਾਰ ਕੀਤਾ ਗਿਆ। ਉਸ ਨੌਜਵਾਨ ਦੀ ਲਾਸ਼ 3 ਤਿੰਨਾਂ ਬਾਅਦ ਸਖਤ ਮਿਹਨਤ ਮਗਰੋਂ 3 ਕਿਲੋਮੀਟਰ ਦੀ ਦੂਰੀ ਤੋਂ ਜੀ.ਟੀ. ਰੋਡ ਅਤੇ ਰੇਲਵੇ ਲਾਈਨ ਦੇ ਵਿਚਕਾਰ ਐਸਵਾਈਐਲ ਨਹਿਰ ਦੇ ਵਿਚੋਂ ਉਥੋ ਮਿਲੀ ਜਿੱਥੇ ਭਾਰੀ ਬੂਟੀ ਜਮ੍ਹਾਂ ਹੋਈ ਪਈ ਸੀ। ਓਦੋ ਦਿਲਬਾਗ ਸਿੰਘ ਨਾਮ ਦੇ ਇਕ ਨੌਜਵਾਨ ਨੇ ਆਪਣੀ ਜਾਨ ਜ਼ੋਖਮ ‘ਚ ਪਾ ਕੇ ਲਾਸ਼ ਬਾਹਰ ਕੱਢੀ ਸੀ ਤੇ ਰਾਜਪੁਰਾ ਦੇ ਐੱਸ.ਡੀ.ਐਮ. ਸ੍ਰੀ ਅਸ਼ੋਕ ਕੁਮਾਰ ਸਿੱਕਾ ਨੇ ਦਿਲਬਾਗ ਸਿੰਘ ਨੂੰ ਮੌਕੇ ‘ਤੇ 500 ਰੁਪਏ ਇਨਾਮ ਦਿੱਤਾ ਅਤੇ 15 ਅਗਸਤ ਨੂੰ ਉਸ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ। ਮ੍ਰਿਤਕ ਦੇ ਪਰਿਵਾਰ ਨੂੰ ਐੱਸ.ਡੀ.ਐਮ. ਸ੍ਰੀ ਅਸ਼ੋਕ ਕੁਮਾਰ ਸਿੱਕਾ ਨੇ ਆਪਣੇ ਕੋਲੇ 2500 ਰੁਪਏ ਦਿੱਤਾ ਤੇ ਮੁਆਵਜ਼ੇ ਦਾ ਵਿਸ਼ਵਾਸ ਦੁਆਇਆ ਸੀ।

ਐਨਾ ਸੌਖਾ ਨਹੀਂ ਘੱਗਰ ਦੇ ਮੁੱਦੇ ਦਾ ਹੱਲ! ਘੱਗਰ ਦੇ ਝੰਬੇ ਲੋਕਾਂ ਲਈ ਰੱਬ ਹੀ ਰਾਖਾ | Puadh TV Punjab

ਉਦੋਂ ਇਸ ਇਲਾਕੇ ‘ਚ ਆਏ ਹੜ੍ਹਾਂ ਬਾਰੇ ਬੋਲਦਿਆਂ ਭਾਜਪਾ ਨੇਤਾ ਸ੍ਰੀ ਬਲਰਾਮਜੀ ਦਾਸ ਟੰਡਨ ਨੇ ਕਿਹਾ ਸੀ ਕਿ ਇਸ ਇਲਾਕੇ ‘ਚ ਹੜ੍ਹਾਂ ਦਾ ਮੁੱਖ ਕਾਰਨ ਸਤਲੁਜ ਯਮਨਾ ਲਿੰਕ ਨਹਿਰ ਹੈ।
9 ਅਗਸਤ 1998 ਨੂੰ ਘਨੌਰ ਵਿਖੇ ਪੰਜ-ਕਰੋੜੀ ਉਦਯੋਗਿਕ ਸਿਖਲਾਈ ਸੰਸਥਾ ਦਾ ਨੀਂਹ-ਪੱਥਰ ਰੱਖਣ ਮੌਕੇ ਬੋਲਦਿਆਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਘਨੌਰ ਅਤੇ ਹੜ੍ਹ ਪੀੜਤ ਹੋਰਨਾਂ ਇਲਾਕਿਆਂ ਨੂੰ ਛੇਤੀ ਹੀ ਹੜ੍ਹ ਮੁਕਤ ਕਰਨ ਦਾ ਭਰੋਸਾ ਦਿੱਤਾ ਤੇ ਨਾਲ ਹੀ ਕਿਹਾ ਕਿ ਉਹ ਇਸ ਸੰਬੰਧੀ ਛੇਤੀ ਹੀ ਦਿੱਲੀ ਜਾ ਰਹੇ ਹਨ ਤਾਂ ਜੋ ਕੇਂਦਰ ਸਰਕਾਰ ਤੋਂ ਮਦਦ ਲਈ ਜਾ ਸਕੇ। ਉਸ ਵਕਤ ਘਨੌਰ ਤੋਂ ਵਿਧਾਇਕ ਅਜੈਬ ਸਿੰਘ ਮੁਖਮੈਲਪੁਰ ਤੇ ਲੋਕ ਸਭਾ ਮੈਂਬਰ ਪਟਿਆਲਾ ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ।

ਫਿਰ ਘਨੌਰ ਹਲਕੇ ਦੇ ਪਿੰਡਾਂ ‘ਚ ਆਏ 4 ਅਗਸਤ 2024 ਨੂੰ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਉਦੋਂ ਵੀ ਲੰਮੇ ਸਮੇਂ ਤੋਂ ਹਲਕਾ ਘਨੌਰ ਦੇ ਪਿੰਡ ਲਾਛੜੂ ਖੁਰਦ ਤੇ ਮਾਜਰੀ ਫਕੀਰਾਂ ਨੇੜੇ ਨਰਵਾਣਾ ਬਰਾਂਚ ਦੀ ਇਸ ਭਾਖੜਾ ਨਹਿਰ ‘ਤੇ ਦੋ ਸਾਈਫਨ ਬਣਾਏ ਜਾਣ ਦੀ ਮੰਗ ਇਲਾਕੇ ਦੇ ਲੋਕਾਂ ਨੇ ਉਦੋਂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕੋਲ ਰੱਖੀ ਸੀ ਜਦੋਂ ਉਹ ਘਨੌਰ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਭਾਖੜਾ ਨਹਿਰ ਦੇ ਕੰਢੇ ਵਸੇ ਪਿੰਡ ਲਾਛੜੂ ਖੁਰਦ ‘ਚ ਰਾਹਤ ਸਮੱਗਰੀ ਵੰਡਦੇ ਹੋਏ। ਲੋਕਾਂ ਨਾਲ ਗੱਲਬਾਤ ਕਰ ਰਹੇ ਸੀ ਕਿਉਂਕਿ ਇਲਾਕੇ ਦੇ ਲੋਕਾਂ ਨੇ ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੀ ਕਿ ਸਾਈਫਨ ਤੋਂ ਬਿਨ੍ਹਾਂ ਇਨ੍ਹਾਂ ਪਿੰਡਾਂ ਦੇ ਬਚਾਅ ਲਈ ਹੋਰ ਕੋਈ ਵੀ ਠੋਸ ਕਾਰਵਾਈ ਨਹੀਂ ਹੋ ਸਕਦੀ। ਸੰਨ 2004 ‘ਚ ਘਨੌਰ ਹਲਕੇ ਦੇ ਵਿਧਾਇਕ ਤੇ ਸਹਿਕਾਰਤਾ ਅਤੇ ਬਾਗਬਾਨੀ ਮੰਤਰੀ ਜਸਜੀਤ ਸਿੰਘ ਰੰਧਾਵਾ ਘਨੌਰ ਹਲਕੇ ਹੜ੍ਹਾਂ ਬਾਰੇ ਬੋਲਦਿਆਂ ਕਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ‘ਚ ਅਜਿਹੇ ਭਿਆਨਕ ਹੜ੍ਹ ਪਹਿਲਾ ਕਦੇ ਨਹੀਂ ਵੇਖੇ ਜਿਤਨੇ ਭਿਆਨਕ ਹੜ੍ਹ ਇਸ ਵਾਰ ਹਲਕਾ ਘਨੌਰ ‘ਚ ਆਏ ਹਨ। ਨਾਲ ਮੰਤਰੀ ਰੰਧਾਵਾ ਨੇ ਕਿਹਾ ਸੀ ਕਿ ਘਨੌਰ ਹਲਕੇ ‘ਚ ਹੜ੍ਹਾਂ ਦਾ ਕਾਰਨ ਨਰਵਾਣਾ ਬ੍ਰਾਂਚ ਨਹਿਰ ‘ਚ ਸਾਈਫਨਾਂ ਦੀ ਘਾਟ ਹੋਣਾ ਹੈ ਭਾਵੇਂ ਜਦੋਂ 1958 ‘ਚ ਜਦੋਂ ਇਹ ਨਹਿਰ ਬਣੀ ਸੀ ਤਾਂ ਉਦੋਂ ਹਾਲਾਤ ਹੁਣ ਤੋਂ ਕੁਝ ਵੱਖਰੇ ਸਨ ਤੇ ਪੰਜਾਬ ਤੇ ਹਰਿਆਣਾ ਵੀ ਵੱਖਰੇ ਸਨ ਪ੍ਰਤੂੰ ਹੁਣ ਹਾਲਾਤ ਬਦਲ ਚੁੱਕੇ ਹਨ। ਉਸ ਵਕਤ ਮੰਤਰੀ ਰੰਧਾਵਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਮੈਂ ਇਲਾਕਾ ਨਿਵਾਸੀਆਂ ਵਲੋਂ ਮੈਂ ਵੀ ਇਹ ਮੰਗ ਕਰਦਾ ਹਾਂ ਕਿ ਨਰਵਾਣਾ ਬ੍ਰਾਂਚ ਨਹਿਰ ‘ਚ ਪਿੰਡ ਲਾਛੜੂ ਖੁਰਦ ਅਤੇ ਮਾਜਰੀ ਫਕੀਰਾਂ ਨੇੜੇ ਦੋ ਜਾ ਤਿੰਨ ਵੱਡੇ ਖੁੱਲ੍ਹੇ (ਓਪਨ) ਸਾਈਫਨ ਬਣਾਏ ਜਾਣ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਜਿਹੀ ਹੀ ਇੱਛਾ ਜ਼ਾਹਰ ਕੀਤੀ ਸੀ। ਜਦੋਂ ਤੱਕ ਇਹ ਸਾਈਫਨ ਨਹੀਂ ਬਣਦੇ ਉਦੋਂ ਤੱਕ ਹੜ੍ਹਾਂ ਵਾਲੀ ਮੁਸ਼ਕਿਲ ਦਾ ਹੱਲ ਵੀ ਨਹੀਂ ਹੋ ਸਕਦਾ, ਹੁਣ ਇਹ ਮਾਮਲਾ ਪੰਜਾਬ ਸਰਕਾਰ ਅਪਣੇ ਤੌਰ ਤੇ ਤਾਂ ਹੱਲ ਨਹੀਂ ਕਰ ਸਕਦੀ। ਮੁੱਖ ਮੰਤਰੀ ਇਹ ਮਾਮਲਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਕੇਂਦਰ ਸਰਕਾਰ ਕੋਲ ਜਲਦੀ ਤੋਂ ਜਲਦੀ ਉਠਾਉਣਗੇ।

ਜਦੋਂ ਵੀ ਇਸ ਇਲਾਕੇ ‘ਚ ਹੜ੍ਹ ਆਏ ਨੇ ਉਦੋਂ ਹੀ ਲੋਕਾਂ ਨੇ ਮੌਜੂਦਾ ਸੱਤਾ ਧਿਰ ਦੇ ਨੁਮਾਇੰਦੇ ਤੇ ਨਹਿਰੀ, ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਦੀ ਰੱਜ ਕੇ ਆਲੋਚਨਾ ਕੀਤੀ। ਕਿਉਂਕਿ ਸਥਾਨਕ ਲੋਕਾਂ ਦਾ ਕਹਿਣਾ ਹੁੰਦੈ ਕਿ ਉਨ੍ਹਾਂ ਨੇ ਨਾ ਹੀ ਅਗਾਊਂ ਯੋਗ ਪ੍ਰਬੰਧ ਕੀਤੇ ਤੇ ਨਾ ਹੀ ਇਸ ਗੰਭੀਰ ਸਥਿਤੀ ਦੌਰਾਨ ਹੀ ਉਨ੍ਹਾਂ ਕੋਈ ਸਹਿਯੋਗ ਦਿੱਤਾ

ਜਦੋਂ ਵੀ ਇਸ ਇਲਾਕੇ ‘ਚ ਹੜ੍ਹ ਆਏ ਨੇ ਤਾਂ ਸਥਾਨਕ ਲੋਕ ਹੀ ਖੁਦ ਘੱਗਰ-ਨਹਿਰਾਂ, ਨਾਲਿਆਂ, ਡਰੇਨਜ਼ ਦੀਆਂ ਨਾਜ਼ੁਕ ਥਾਵਾਂ ਨੂੰ ਮਜਬੂਤ ਕਰਦੇ ਦਿਖਾਈ ਦਿੰਦੇ ਹਨ, ਪਰ ਪ੍ਰਸ਼ਾਸਨ ਕੈਮਰੇ ਮੂਹਰੇ ਬੋਲਣ ਤੋਂ ਡਰਦਾ ਪਰ ਬਿਨਾਂ ਕੈਮਰੇ ਮੂਹਰੇ ਪ੍ਰਸ਼ਾਸਨ ਦੀਆਂ ਗੱਲਾਂ ਸੁਣਕੇ ਪਤਾ ਲੱਗਦੈ ਕਿ ਐਨਾ ਸੌਖਾ ਨਹੀਂ ਘਨੌਰ ਹਲਕੇ ਨੂੰ ਹੜ੍ਹ ਮੁਕਤ ਕਰਨਾ। 16 ਜੁਲਾਈ 2023 ਨੂੰ ਘਨੌਰ ਹਲਕੇ ‘ਚ 17 ਮੈਂਬਰੀ ਹੜ੍ਹ ਪੀੜਤ ਸੰਘਰਸ਼ ਕਮੇਟੀ ਇਲਾਕਾ ਘਨੌਰ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਲੋਂ ਘੱਗਰ ਦਰਿਆ ਦੇ ਪਿੰਡ ਸਰਾਲਾ ਕਲਾਂ ਤੇ ਸਰਾਲਾ ਖੁਰਦ ਕੋਲ ਬਣਿਆ ਐੱਸ ਅਕਾਰ, ਰਾਮਪੁਰ, ਚਮਾਰੂ ਕੋਲ ਬਣਿਆ ਯੂ ਅਕਾਰ ਅਤੇ ਊਂਟਸਰ-ਸਮਸਪੁਰ ਨੇੜੇ ਤਿੱਖੇ ਮੋੜ ਦੇ ਵੱਲ ਕੱਢ ਕੇ ਇਸ ਨੂੰ ਸਿੱਧਾ ਕੀਤਾ ਜਾਵੇ। ਤਾਂ ਜੋ ਪਾਣੀ ਦਾ ਵਹਾਅ ‘ਚ ਰੁਕਵਾਟ ਨਾ ਆਵੇ।

ਜੇਕਰ ਗੱਲ 2025 ਦੇ ਹੜ੍ਹਾਂ ਦੀ ਕਰ ਲਈਏ ਤਾਂ 1 ਸਤਬੰਰ 2025 ਨੂੰ ਸੀਜ਼ਨ-2025 ਦੇ ਹੜ੍ਹਾਂ ਦਾ ਸਭ ਤੋਂ ਜ਼ਿਆਦਾ ਪਾਣੀ ਘੱਗਰ ਦਰਿਆ ‘ਚ ਛੱਡਿਆ ਗਿਆ ਸੀ ਜਿਸ ਦੇ ਕਰਕੇ ਵੱਡੇ ਪੱਧਰ ‘ਤੇ ਹਲਕੇ ਘਨੌਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਨਿਸਰੀ ਹੋਈ ਝੋਨੇ ਦੀ ਫਸਲ ਤਬਾਹ ਹੋਈ ਸੀ ਉਥੇ ਹੀ ਕਈ ਪਿੰਡਾਂ ਦੇ ਘਰਾਂ ‘ਚ ਪਾਣੀ ਵੜਨ ਕਰਕੇ ਭਾਰੀ ਨੁਕਸਾਨ ਹੋਇਆ ਸੀ। ਪਰ ਰਾਜਨੀਤਿਕ ਲੀਡਰ ਫਿਰ 2027 ਦੀ ਤਿਆਰੀ ਕਰਨ ਲਈ ਪਿੰਡ-ਪਿੰਡ ਪੱਧਰ ‘ਤੇ ਫਿਰ ਹੋਕਾ ਦਿੰਦੇ ਫਿਰਦੇ ਸੀ ਕਿ ਹਾਏ ਮੌਜੂਦਾ ਸਰਕਾਰ ਨੇ ਡੋਬ ਦਿੱਤੇ। ਪਰ ਲੋਕ ਦੇ ਮਨਾਂ ‘ਚ ਇਹ ਸਵਾਲ ਵੀ ਘੁੰਮਦਾ ਸੀ ਕੀ ਜਦੋਂ ਤੁਹਾਡੀ ਸਰਕਾਰ ਸੀ ਪੰਜਾਬ ‘ਚ ਕੀ ਉਸ ਸਾਲ ਘਨੌਰ ਹਲਕੇ ਦੇ ਪਿੰਡ ਹੜ੍ਹ ਮੁਕਤ ਸਨ। ਨਹੀਂ, ਫਿਰ ਲੋਕ ਕਹਿੰਦੇ ਨਾ ਪਹਿਲਾਂ ਵਾਲਿਆਂ ਨੇ ਤੇ ਨਾ ਹੁਣ ਵਾਲਿਆਂ ਨੇ ਲੋਕਾਂ ਨੂੰ ਹੜ੍ਹਾਂ ਤੋਂ ਮੁਕਤ ਕੀਤਾ, ਪਰ ਇਸ ਦਾ ਅਸਲ ਕਾਰਨ ਕੀ ਹੈ? ਕੀ ਭਵਿੱਖ ‘ਚ ਹੜ੍ਹ ਰੋਕੇ ਜਾ ਸਕਦੇ ਹਨ? ਇਨ੍ਹਾਂ ਸਵਾਲਾਂ ਦੇ ਜਦੋਂ ਅਸੀਂ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇਹ ਸਿੱਧ ਹੁੰਦੈ ਕਿ ਐਨਾ ਸੌਖਾ ਨਹੀਂ ਕੀ ਹੜ੍ਹ ਰੋਕੇ ਜਾ ਸਕਣ ਕਿਉਂਕਿ ਘਨੌਰ ਹਲਕੇ ‘ਚ ਹੜ੍ਹ ਦਾ ਕੇਂਦਰ ਬਿੰਦੂ ਕੇਵਲ ਘੱਗਰ ਦਰਿਆ ਨਹੀਂ ਹੈ, ਸਗੋਂ ਘੱਗਰ ਦਰਿਆ ਦੇ ਨਾਲ ਨਾਲ, ਮੁੱਦਤਾਂ ਤੋਂ ਬੰਦ ਪਈ ਐੱਸਵਾਈਐਲ ਨਹਿਰ, ਪੱਚੀਦਰਾ, ਤੇ ਪੰਜਾਬ ਤੋਂ ਹਰਿਆਣੇ ‘ਚ ਜਾ ਰਹੀ ਨਰਵਾਣਾ ਨਹਿਰ ਇਸ ਘਨੌਰ ਹਲਕੇ ਲਈ ਹੜ੍ਹਾਂ ਦਾ ਕਾਰਨ ਬਣਦੀ ਹੈ। ਘਨੌਰ ਹਲਕੇ ਦਾ ਮਸਲਾ ਕੇਵਲ ਪੰਜਾਬ ਸਰਕਾਰ ਹੱਲ ਨਹੀਂ ਕਰ ਸਕਦੀ ਸਗੋਂ ਇਸ ‘ਚ ਹਰਿਆਣਾ ਸਰਕਾਰ ਦੀ ਵੀ ਬਹੁਤ ਮਦਦ ਹੈ ਕਿਉਂਕਿ ਘੱਗਰ ਦਰਿਆ ‘ਚ ਪਏ ਵਲ ਕਦੇ ਪੰਜਾਬ ਦੇ ਖੇਤਰ ‘ਚ ਆ ਜਾਂਦੀ ਹੈ ਤੇ ਕਦੇ ਹਰਿਆਣਾ ਦੇ ਖੇਤਰ ‘ਚ ਕਈ ਕਿਲੋਮੀਟਰ ਵੱਗ ਰਹੀ ਹੈ। ਜੇਕਰ ਪੰਜਾਬ ਸਰਕਾਰ ਭਵਿੱਖ ‘ਚ ਘੱਗਰ ਲਈ ਜ਼ਮੀਨ ਐਕਵਾਇਰ ਕਰਦੀ ਹੈ। ਤਾਂ ਹਰਿਆਣੇ ਵਾਲੇ ਖੇਤਰ ‘ਚ ਵੱਗ ਰਹੀ ਘੱਗਰ ਦੀ ਜ਼ਮੀਨ ਕਿਵੇਂ ਐਕਵਾਇਰ ਕਰੇਗੀ? ਕੇਂਦਰ ਸਰਕਾਰ ਤੋਂ ਬਿਨਾਂ ਘੱਗਰ ਦਰਿਆ ਦਾ ਮੁੱਦਾ ਹੱਲ ਹੋਣਾ ਅਸੰਭਵ ਜਾਪਦਾ ਹੈ।

 

error: Content is protected !!