ਪੰਥ ਅਤੇ ਪੰਜਾਬ ਇਕ ਦੂਜੇ ਦੇ ਪੂਰਕ ਹਨ। ਦੋਵਾਂ ਨੂੰ ਇਕ ਦੂਜੇ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਜਦੋਂ ਪੰਜਾਬ ਨੂੰ ਖਤਰਾ ਖੜਾ ਹੁੰਦਾ ਹੈ ਤਾਂ ਪੰਥ ਇਸ ਨੂੰ ਚੁਣੌਤੀ ਸਮਝਦਾ ਹੈ ਅਤੇ ਜਦੋਂ ਪੰਥ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਰਾਜ ਦੇ ਸਮੂਹ ਲੋਕ ਪ੍ਰਭਾਵਿਤ ਹੁੰਦੇ ਹਨ।
ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਪੰਥ ਦੇ ਮੁਹਾਵਰੇ ਨੂੰ ਸਮਝੇ ਬਗ਼ੈਰ ਸਫ਼ਲ ਨਹੀਂ ਹੋ ਸਕਦੀਆਂ ਇਸ ਦਾ ਵੱਡਾ ਕਾਰਨ ਇਹ ਹੈ ਕਿ ਪੰਥ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੇ ਪੰਜਾਬ ਨੂੰ ਆਪਣੀ ਜਨਮ ਭੂਮੀ ਅਤੇ ਕਰਮ ਭੂਮੀ ਸਮਝ ਕੇ ਨਾ ਕੇਵਲ ਬਾਹਰੀ ਹਮਲਾਵਰਾਂ ਦਾ ਮੁਕਾਬਲਾ ਕੀਤਾ ਹੈ ਬਲਕਿ ਇੱਥੋਂ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਪੰਜਾਬ ਨੂੰ ਛੱਡਣ ਦੀ ਬਜਾਏ ਇਸ ਦੀ ਰਾਖੀ ਲਈ ਸ਼ਹਾਦਤਾਂ ਦੇਣ ਕਰਕੇ ਇਹ ਇਸ ਧਰਤੀ ’ਤੇ ਆਪਣਾ ਵੱਡਾ ਅਤੇ ਵੇਧੇਰੇ ਹੱਕ ਸਮਝਦੇ ਹਨ। ਪੰਜਾਬ ਦੇ ਆਮ ਲੋਕ ਵੀ ਇਹ ਸਮਝਦੇ ਹਨ ਕਿ ਪੰਥਕ ਪਾਰਟੀਆਂ ਨਾਲ ਜੁੜੇ ਹੋਏ ਆਗੂ ਹੀ ਆਮ ਲੋਕਾਂ ਦੀਆਂ ਲੋੜਾਂ ਅਤੇ ਮਸਲਿਆਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਿਛਲੇ ਸਮੇਂ ਦੌਰਾਨ ਜਦੋਂ ਪੰਜਾਬ ਦੀ ਪ੍ਰਮੁੱਖ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਆਈਆਂ ਕਮੀਆਂ-ਕਮਜ਼ੋਰੀਆਂ ਨੂੰ ਲੋਕਾਂ ਨੇ ਦੇਖਿਆ ਤਾਂ ਉਹਨਾਂ ਨੇ ਹੋਰਨਾਂ ਪਾਰਟੀਆਂ ਵੱਲ ਮੂੰਹ ਕਰ ਲਿਆ ਜਿਸ ਦੇ ਸਿੱਟੇ ਵੱਜੋਂ ਪੰਥ ਦੀ ਨੁਮਾਇੰਦਾ ਜਮਾਤ ਦਾ ਦਮ ਭਰਨ ਵਾਲੀ ਇਹ ਰਾਜਨੀਤਿਕ ਪਾਰਟੀ ਸੱਤਾ ਤੋਂ ਬਾਹਰ ਹੋ ਗਈ।
ਪਿਛਲੇ ਕੁੱਝ ਸਮੇਂ ਤੋਂ ਆਮ ਲੋਕਾਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਦੇ ਆਗੂ ਵੀ ਇਹ ਮਹਿਸੂਸ ਕਰਨ ਲੱਗੇ ਹਨ ਕਿ ਪੰਜਾਬ ਦੇ ਹਿਤਾਂ ਲਈ ਲੰਮੇ ਸਮੇਂ ਤੋਂ ਕਾਰਜ ਕਰ ਰਹੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਣੀ ਚਾਹੀਦੀ ਹੈ। ਲੋਕਾਂ ਦੀ ਇਸ ਭਾਵਨਾ ’ਤੇ ਖਰਾ ਉਤਰਨ ਦੀ ਜ਼ਿੰਮੇਵਾਰੀ ਅਕਾਲੀ ਆਗੂਆਂ ਸਿਰ ਆਉਂਦੀ ਹੈ। ਹਾਲ ਦੀ ਘੜੀ ਜਿਸ ਤਰ੍ਹਾਂ ਨਾਲ ਇਸ ਪਾਰਟੀ ਨੂੰ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ, ਉਸ ਪ੍ਰਤੀ ਵਿਚਾਰ ਕਰਨ ਦੀ ਵਧੇਰੇ ਲੋੜ ਜਾਪਦੀ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਜਨਮ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਇਆ ਹੈ ਅਤੇ ਇਹੀ ਇਹਨਾਂ ਦੀ ਮਜ਼ਬੂਤ ਰਾਜਨੀਤਿਕ ਸ਼ਕਤੀ ਦਾ ਕਾਰਨ ਮੰਨਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਵਿਖੇ ਜਾਣ ਵਾਲੀ ਸੰਗਤ ਅਕਾਲੀ ਕਹਾਉਣ ਵਿਚ ਵਧੇਰੇ ਫ਼ਖ਼ਰ ਮਹਿਸੂਸ ਕਰਦੀ ਹੈ ਅਤੇ ਉਹ ਚਾਹੁੰਦੀ ਹੈ ਕਿ ‘ਅਕਾਲੀ’ ਸ਼ਬਦ ਨਾਲ ਜੁੜੀਆਂ ਹੋਈਆਂ ਸਮੂਹ ਧਿਰਾਂ ਅਕਾਲ ਦੀ ਭਾਵਨਾ ਵਾਲੀਆਂ ਸ਼ੁੱਧ ਹੋਣੀਆਂ ਚਾਹੀਦੀਆਂ ਹਨ। ਜਦੋਂ ਇਸ ਪਾਰਟੀ ਨਾਲ ਸੰਬੰਧਿਤ ਆਗੂ ਕਿਸੇ ਅਜਿਹੇ ਵਿਵਾਦ ਵਿਚ ਪੈਂਦੇ ਨਜ਼ਰ ਆਉਂਦੇ ਹਨ ਜਿਹੜਾ ਕਿ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੇ ਵਿਰੋਧ ਵਿਚੋਂ ਪ੍ਰਗਟ ਹੁੰਦਾ ਹੈ ਤਾਂ ਨਿਰਾਸ਼ਾ ਪੈਦਾ ਹੋ ਜਾਣੀ ਸੁਭਾਵਿਕ ਹੈ।
ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਵਿਚਕਾਰ ਤਲਖੀ ਦੇਖਣ ਨੂੰ ਮਿਲ ਰਹੀ ਹੈ, ਨਿਸਚਿਤ ਰੂਪ ਵਿਚ ਉਹ ਪੰਥਕ ਅਖਵਾਉਣ ਵਾਲੀ ਰਾਜਨੀਤਿਕ ਧਿਰ ਦੇ ਵਿਰੋਧ ਵਿਚ ਜਾਂਦਾ ਪ੍ਰਤੀਤ ਹੁੰਦਾ ਹੈ।
ਰਾਜਨੀਤਿਕ ਆਗੂਆਂ ਨੂੰ ਇਹ ਸਮਝਣਾ ਪਵੇਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੂਹ ਗੁਰਦੁਆਰਾ ਸਾਹਿਬਾਨ ਇਹਨਾਂ ਦੀ ਸ਼ਕਤੀ ਦਾ ਕੇਂਦਰ ਹਨ। ਆਗੂਆਂ ਨੇ ਆਪਣੀਆਂ ਇਹਨਾਂ ਸੰਸਥਾਵਾਂ ਤੋਂ ਸ਼ਕਤੀ ਪ੍ਰਾਪਤ ਕਰਕੇ ਪੰਥ ਅਤੇ ਪੰਜਾਬ ਦੇ ਭਲੇ ਲਈ ਕਾਰਜ ਅਤੇ ਸੰਘਰਸ਼ ਕਰਨਾ ਹੈ। ਆਪਣੀਆਂ ਉੱਚ ਸੰਸਥਾਵਾਂ ਨਾਲ ਟਕਰਾਉ ਦੀ ਨੀਤੀ ਧਾਰਨ ਕਰਕੇ ਕਦੇ ਵੀ ਸਫ਼ਲਤਾ ਪ੍ਰਾਪਤ ਨਹੀਂ ਹੋ ਸਕਦੀ।
ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਣ ਭਾਵਨਾ ਪੈਦਾ ਕਰਦੇ ਹੋਏ ਇਹਨਾਂ ਸੰਸਥਾਵਾਂ ਵਿਖੇ ਕਾਰਜਸ਼ੀਲ ਧਾਰਮਿਕ ਸ਼ਖ਼ਸੀਅਤਾਂ ਦਾ ਸਤਿਕਾਰ ਬਹਾਲ ਕਰਨ-ਕਰਾਉਣ ਨਾਲ ਹੀ ਪੰਥ ਅਤੇ ਪੰਜਾਬ ਨੂੰ ਬਚਾਇਆ ਅਤੇ ਅੱਗੇ ਵਧਾਇਆ ਜਾ ਸਕਦਾ ਹੈ।
ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ